Pages

Friday, December 16, 2011

ਪਿਤਾ-ਪੁਰਖੀ ਸਮਾਜ ਅਤੇ ਲਿੰਗ-ਭੇਦ

ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਇਸਤ੍ਰੀ ਅਤੇ ਮਰਦ, ਦੋਵਾਂ ਨੂੰ ਵਖੋ-ਵੱਖਰੇ ਦ੍ਰਿਸ਼ਟੀਕੋਣਾਂ ਨਾਲ ਆਪਣੇ ਆਪ ਅਤੇ ਇਸ ਦੁਨੀਆ ਨੂੰ ਸਮਝਣ ਦੀ ਲਕੀਰੀ ਰੂਪ-ਰੇਖਾ ਪ੍ਰਦਾਨ ਕਰਦਾ ਹੈ। ਰਿਵਾਇਤੀ ਤੌਰ 'ਤੇ ਵਖਰੇਵੇਂ ਦੀ ਇਸ ਲਕੀਰ ਦਾ ਅਧਾਰ, ਜਿਸਮਾਨੀ ਬਣਤਰ ਨੂੰ ਬਣਾਇਆ ਜਾਂਦਾ ਰਿਹਾ ਹੈ, ਜੋ ਕਿ ਜੀਵ-ਵਿਗਿਆਨਕ ਅਧਾਰ 'ਤੇ ਨਿਸ਼ਚਿਤ ਹੁੰਦੀ ਹੈ, ਇਹ ਬਣਤਰ ਸਰਬ-ਭੌਮਿਕ ਅਤੇ ਜਨਮ ਕਰਕੇ ਹੈ ਅਤੇ ਇਸੇ ਲਈ ਇਸ ਵਿਚ ਕੋਈ ਤਬਦੀਲੀ ਵੀ ਨਹੀਂ ਕੀਤੀ ਜਾ ਸਕਦੀ। ਫ਼ੈਮਿਨਿਸਟ ਚਿੰਤਕ ਹੇਵੁੱਡ, ਪਿਤਾ-ਪੁਰਖੀ ਸਮਾਜਕ ਵਿਚਾਰਧਾਰਾ, ਮਰਦ ਅਤੇ ਔਰਤ ਵਿਚਕਾਰ ਹਰ ਤਰ੍ਹਾਂ ਦੇ ਸਮਾਜਕ-ਆਰਥਕ ਅਤੇ ਸਿਆਸੀ ਵਖਰੇਵੇਂ ਨੂੰ, ਉਹਨਾਂ ਦੀ ਸਰੀਰਕ ਬਣਤਰ ਜਾਂ ਜੀਵ-ਵਿਗਿਆਨਕ ਨਰ/ਮਾਦਾ ਸਰੀਰ ਨਾਲ ਜੋੜਦੀ ਹੈ ਅਤੇ ਇਸ ਤਰ੍ਹਾਂ ਉਹਨਾਂ ਦੇ ਸਰੀਰਕ ਲਿੰਗ ਅਤੇ ਸਮਾਜਕ ਤੌਰ 'ਤੇ ਉਸਾਰੇ ਗਏ ਲਿੰਗ-ਵਖਰੇਵੇਂ ਵਿਚਲੇ ਅੰਤਰ ਨੂੰ ਮੇਟ ਦਿੰਦੀ ਹੈ। (ਅੰਗ੍ਰੇਜ਼ੀ ਵਿਚ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸੈਕਸ' ਅਤੇ 'ਜੈਂਡਰ' ਦੋ ਸ਼ਬਦ ਹਨ, ਪਰ ਪੰਜਾਬੀ ਵਿਚ ਇਹਨਾਂ ਦੋਵਾਂ ਸਥਿਤੀਆਂ ਦੀ ਪੇਸ਼ਕਾਰੀ ਲਈ ਇਕੋ ਸ਼ਬਦ 'ਲਿੰਗ' ਸਾਹਮਣੇ ਆਉਂਦਾ ਹੈ, ਇਸ ਲਈ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸਰੀਰਕ ਲਿੰਗ' ਅਤੇ 'ਸਮਾਜਕ ਤੌਰ 'ਤੇ ਉਸਾਰੇ ਲਿੰਗ' ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ)।

ਇਸਤ੍ਰੀ ਵਿਚਾਰਧਾਰਾ ਦੇ ਪ੍ਰਸਿੱਧ ਚਿੰਤਕਾਂ, ਕੇਟ ਮਿਲੈਟ ਨੇ ਸੈਕਸੁਅਲ ਪਾੱਲੀਟਿਕਸ ਵਿਚ ਅਤੇ ਜਰਮੈਨ ਗ੍ਰੀਅਰ ਨੇ ਫ਼ੀਮੇਲ ਈਨੰਚ (Enunch), ਸੀਮਨ ਦਿ ਬੂਆ ਨੇ ਦਿ ਸੈਕੰਡ ਸੈਕਸ ਵਿਚ ਅਤੇ ਈਵਾ ਨਿਗਮ ਨੇ ਪੈਟ੍ਰੀਆਕਲ ਐਟੀਟਿਊਡ ਵਿਚ ਇਸਤ੍ਰੀਆਂ ਨੂੰ ਦਬਾਉਣ ਦੇ ਵਿਅਕਤੀਗਤ, ਮਨੋਵਿਗਿਆਨਕ ਅਤੇ ਜਿਨਸੀ ਪਹਿਲੂਆਂ ਵੱਲ ਧਿਆਨ ਦਵਾਇਆ। 'ਸਮਾਜ ਵਿਚਲੀਆਂ ਸਭਿਆਚਾਰਕ, ਦਾਰਸ਼ਨਿਕ, ਨੈਤਿਕ ਅਤੇ ਧਾਰਮਕ ਕaਦਰਾਂ-ਕੀਮਤਾਂ ਵਿਚ ਰਚੇ-ਬਸੇ ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਕਰਕੇ ਹੀ ਇਸਤ੍ਰੀਆਂ, ਆਦਤਨ ਹੀ ਸ਼ਹਿਣਸ਼ੀਲਤਾ ਅਤੇ ਹਲੀਮੀ ਵਾਲਾ ਰੋਲ ਨਿਭਾਉਂਦੀਆਂ ਹਨ, ਜਿਸ ਨਾਲ ਉਹਨਾਂ ਦੇ ਅੰਦਰ ਦੀ, ਉਹਨਾਂ ਦੀ ਸਰੀਰਕ ਭੁੱਖ ਦੇ ਨਾਲ ਨਾਲ ਉਹਨਾਂ ਦੀ ਸ਼ਖ਼ਸੀਅਤ ਦੇ ਵਧੇਰੇ ਸਰਗਰਮ ਅਤੇ ਜੁਰਅੱਤ ਭਰੇ ਪਹਿਲੂਆਂ ਨੂੰ ਦਬਾਇਆ ਜਾਂਦਾ ਹੈ।
 
ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਸਮਾਜਕ ਤੌਰ 'ਤੇ ਉਸਾਰੇ ਲਿੰਗ-ਭੇਦ ਵਿਚ ਮਨੁੱਖ ਦੇ ਸਿਰਫ਼ ਦੋ ਰੂਪਾਂ, ਇਸਤ੍ਰੀ ਅਤੇ ਮਰਦ ਨੂੰ ਹੀ ਪਛਾਣਦਾ ਹੈ ਅਤੇ ਉਹਨਾਂ ਲਈ ਹੀ ਨੇਮਾਂ ਨੂੰ ਘੜਿਆ ਗਿਆ ਹੈ। ਇਹਨਾਂ ਹੇਠ ਇਸਤ੍ਰੀ ਅਤੇ ਮਰਦ, ਦੋਵਾਂ ਲਈ ਦਾਇਰੇ ਮਿਥੇ ਗਏ ਹਨ, ਅਤੇ ਜਿਹੜਾ ਇਹਨਾਂ ਦੋਵਾਂ ਦਾਇਰਿਆਂ ਅਤੇ ਦੋਵਾਂ ਲਈ ਮਿਥੇ ਗਏ ਦਾਇਰਿਆਂ ਤੋਂ ਬਾਹਰ ਹੈ, ਉਹ ਸਮਾਜ ਤੋਂ ਵੀ ਬਾਹਰ ਹੈ। ਇਸਤ੍ਰੀ ਅਤੇ ਮਰਦ ਲਈ ਮਿਥੇ ਗਏ ਦਾਇਰਿਆਂ ਵਿਚ ਇਸਤ੍ਰੀ ਅਤੇ ਮਰਦ ਦੇ ਗੁਣਾਂ-ਲੱਛਣਾਂ ਨੂੰ ਵਿਰੋਧ-ਜੁੱਟਾਂ ਰਾਹੀਂ ਸਥਾਪਿਤ ਕੀਤਾ ਗਿਆ ਹੈ। ਰਿਵਾਇਤੀ ਤੌਰ 'ਤੇ ਮਰਦ - ਸੁਤੰਤਰ, ਤਾਕਤਵਰ, ਮੁਕੰਮਲ, ਤਰਕ ਤੋਂ ਕੰਮ ਲੈਣ ਵਾਲਾ, ਫ਼ੈਸਲੇ ਕਰਨ ਵਾਲਾ, ਕਮਾਊ, ਲੀਡਰ, ਸਾਹਸੀ, ਲੜਾਕਾ, ਨਿਰੰਤਰ ਇਕੋ ਜਿਹਾ ਰਹਿਣ ਵਾਲਾ ਅਤੇ ਰੱਖਿਅਕ ਹੈ, ਜਦਕਿ ਉਸਦੇ ਮੁਕਾਬਲੇ ਵਿਚ ਇਸਤ੍ਰੀ - ਆਸਰਿਤ, ਕਮਜ਼ੋਰ, ਅਧੂਰੀ, ਭਾਵੁਕ, ਫ਼ੈਸਲਿਆਂ 'ਤੇ ਅਮਲ ਕਰਨ ਵਾਲੀ, ਘਰ ਦਾ ਖ਼ਿਆਲ ਰੱਖਣ ਵਾਲੀ, ਸਹਾਇਕ ਜਾਂ ਹਿਮਾਇਤੀ, ਡਰਪੋਕ, ਅਮਨਪਸੰਦ, ਪਲ-ਛਿਣ ਬਦਲਣ ਵਾਲੀ ਅਤੇ ਨਾਜ਼ੁਕ ਹੈ। ਇਸਤ੍ਰੀ ਅਤੇ ਮਰਦ ਦੇ ਇਹ ਗੁਣ-ਲੱਛਣ, ਸਾਡੀ ਜੀਵਨ-ਜਾਚ ਵਿਚ ਇਕ ਆਮ ਜਿਹੀ ਗੱਲ ਲਗਦੇ ਹਨ, ਜਿਸਦੇ ਕਿ ਅਸੀਂ ਆਦੀ ਹੋ ਚੁੱਕੇ ਹਾਂ। ਇਹ ਹਾਲਾਤ, ਵੱਖ-ਵੱਖ ਸਭਿਆਚਾਰਾਂ ਵਿਚ ਲਗਭਗ ਇਕੋ ਜਿਹੇ ਹਨ ਅਤੇ ਇਸ ਦੀਆਂ ਜੜ੍ਹਾਂ ਮਨੁੱਖ ਜਾਤੀ ਦੇ ਸਭਿਆਚਾਰ ਵਿਚ ਕਿਤੇ ਡੂੰਘੇ ਤਕ ਫੈਲੀਆਂ ਹੋਈਆਂ ਹਨ।


ਦਰਅਸਲ ਪਿਤਾ-ਪੁਰਖੀ ਸਮਾਜ, ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੈ, ਇਕ ਅਜਿਹਾ ਸਮਾਜਕ ਸਿਲਸਿਲਾ ਹੈ, ਜਿਸ ਵਿਚ ਮਰਦ ਦੀ ਮੁੱਖ ਹਾਕਮ ਵਜੋਂ ਭੂਮਿਕਾ, ਸਮਾਜਕ ਸਿਲਸਿਲੇ ਦਾ ਕੇਂਦਰ ਹੈ ਅਤੇ ਜਿਸ ਵਿਚ ਪਿਤਾ ਨੂੰ ਇਸਤ੍ਰੀਆਂ, ਬੱਚਿਆਂ ਅਤੇ ਜਾਇਦਾਦ 'ਤੇ ਹੱਕ ਹੁੰਦਾ ਹੈ। ਇਹ ਮਰਦ ਦੀ ਸੱਤਾ ਅਤੇ ਮਰਦ ਲਈ ਸਹੂਲਤਾਂ ਵਾਲੇ ਨਿਜ਼ਾਮ ਦੀ ਗੱਲ ਕਰਦਾ ਹੈ ਅਤੇ ਇਸ ਵਿਚ ਇਸਤ੍ਰੀ ਦੀ ਅਧੀਨਗੀ ਸ਼ਾਮਲ ਹੈ। ਫ਼ੈਮਿਨਿਸਟ ਅਤੇ ਸਿਆਸੀ ਚਿੰਤਕ ਕੈਰਲ ਪੇਟਮੈਨ ਲਿਖਦੀ ਹੈ, ''ਪਿਤਾ-ਪੁਰਖੀ ਨਿਜ਼ਾਮ ਵਿਚ ਮਰਦਾਂ ਅਤੇ ਇਸਤ੍ਰੀਆਂ ਦੇ ਗੁਣਾਂ-ਲੱਛਣਾਂ ਵਿਚਕਾਰ ਕੀਤਾ ਗਿਆ ਵਖਰੇਵਾਂ, ਦਰਅਸਲ, ਸੁਤੰਤਰਤਾ ਅਤੇ ਅਧੀਨਗੀ ਵਾਲਾ ਸਿਆਸੀ ਵਖਰੇਵਾਂ ਹੈ।'' ਇਸ ਰਾਹੀਂ ਮਰਦ, ਇਸਤ੍ਰੀ ਦੇ ਤਨ-ਮਨ ਅਤੇ ਧੰਨ 'ਤੇ ਕੰਟਰੋਲ ਕਰਦਾ ਹੈ। ਉਹ ਇਸਤ੍ਰੀ ਦੇ ਕੰਮ-ਕਾਰ, ਉਸਦੀ ਕਿਰਤ, ਉਸਦੇ ਕਿਤੇ ਆਉਣ-ਜਾਣ, ਉਹ ਕਿਸ ਨਾਲ ਗੱਲ ਕਰੇ, ਕਿਸ ਨਾਲ ਨਾ ਕਰੇ, ਉਸਦੀ ਸਰੀਰਕ-ਭੁੱਖ, ਮਾਂ-ਬਣਨ ਜਾਂ ਨਾਂਹ ਬਣਨ ਦੀ ਇੱਛਾ, ਪਰਿਵਾਰ ਦੀ ਯੋਜਨਾਬੰਦੀ, ਉਸਦੀ ਆਰਥਕ ਹਾਲਤ, ਵਸੀਲਿਆਂ ਅਤੇ ਜਾਇਦਾਦ 'ਤੇ ਪੂਰੀ ਤਰ੍ਹਾਂ ਕੰਟਰੋਲ ਰੱਖਦਾ ਹੈ। ਇਸੇ ਰਿਵਾਇਤੀ ਕੰਟਰੋਲ ਅਤੇ ਰੜ੍ਹੀਬੱਧ ਸੱਚੇ ਕਾਰਣ ਇਸਤ੍ਰੀਆਂ ਦੀ ਹਾਲਤ ਅਪਮਾਨਜਨਕ ਹੈ ਅਤੇ ਉਹ ਹਿੰਸਾ ਅਤੇ ਕਈ ਤਰ੍ਹਾਂ ਦੇ ਪੱਖਪਾਤਾਂ ਅਤੇ ਅਨਿਆਂ ਦਾ ਸ਼ਿਕਾਰ ਹੁੰਦੀਆਂ ਹਨ। ਇਸਤ੍ਰੀਆਂ ਨੂੰ ਵਾਂਝਿਆਂ ਰੱਖਣ ਅਤੇ ਉਹਨਾਂ ਵਿਰੁਧ ਹਿੰਸਾ ਦੇ ਸੋਚੇ-ਸਮਝੇ ਤਰੀਕੇ ਹਨ: ਬਲਾਤਕਾਰ, ਜਿਨਸੀ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ, ਸਰੀਰਕ ਸ਼ੋਸ਼ਣ, ਮਾਦਾ-ਭਰੂਣ ਨੂੰ ਮਾਰਨਾ, ਬਾਲ-ਹਤਿਆ, ਚੁੜੈਲਾਂ ਕਹਿਕੇ ਮਾਰਨਾ, ਸਤੀ-ਪ੍ਰਥਾ, ਦਾਜ ਕਾਰਣ ਕੁੜੀਆਂ ਦੀ ਬਲੀ, ਪਤਨੀ ਦੀ ਮਾਰ-ਕੁੱਟ, ਇਸਤ੍ਰੀਆਂ ਵਿਚ ਅਨਪੜ੍ਹਤਾ, ਖ਼ੁਰਾਕ ਦੀ ਕਮੀ, ਲੋੜ ਤੋਂ ਘੱਟ ਖਾਣ ਨੂੰ ਮਿਲਣਾ ਅਤੇ ਅਸੁਰੱਖਿਆ ਦੀ ਉਹ ਭਾਵਨਾ, ਜੋ ਔਰਤ ਨੂੰ ਘਰ ਵਿਚ ਹੀ ਕੈਦ, ਆਰਥਕ ਤੌਰ 'ਤੇ ਸ਼ੋਸ਼ਿਤ, ਸਮਾਜਕ ਤੌਰ 'ਤੇ ਨਪੀੜੀ ਰਖਦੀ ਹੈ ਅਤੇ ਆਪਣੀ ਹਾਲਤ ਪ੍ਰਤੀ ਸਿਆਸੀ ਤੌਰ 'ਤੇ ਸਰਗਰਮ ਨਹੀ ਹੋਣ ਦਿੰਦੀ।

ਪਿਤਾ-ਪੁਰਖੀ ਸਮਾਜ ਦੇ ਅਸਰ ਹੇਠ ਸਮਾਜ ਨੂੰ ਮਰਦ ਦੀਆਂ ਲੋੜਾਂ ਅਨੁਸਾਰ ਘੜਿਆ ਗਿਆ ਹੈ। ਅੱਜ ਜਦਕਿ ਇਸਤ੍ਰੀ, ਮਰਦ ਨਾਲ ਮੋਢੇ ਨਾਲ ਮੋਢਾ ਜੋੜਕੇ ਤੁਰਦੀ ਨਜ਼ਰ ਆ ਰਹੀ ਹੈ, ਤਾਂ ਵੀ ਉਸਨੂੰ, ਮਰਦਾਂ ਨਾਲ ਮੁਕਾਬਲਾ ਕਰਦਿਆਂ, ਰਿਵਾਇਤੀ ਭੂਮਿਕਾ ਨਾਲ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇਸ ਰਾਹੀਂ, ਇਸਤ੍ਰੀਆਂ ਨੂੰ ਜੀਵਨ ਦੇ ਹਰ ਪਹਿਲੂ, ਭਾਵੇਂ ਉਹ ਪਰਿਵਾਰ ਹੈ ਜਾਂ ਸਮਾਜਕ ਸਬੰਧ, ਧਰਮ ਹੈ ਜਾਂ ਕਾਨੂੰਨ, ਸਕੂਲ, ਮੀਡੀਆ, ਦਫ਼ਤਰਾਂ ਆਦਿ ਵਿਚ ਮਰਦਾਂ ਤੋਂ ਛੁੱਟਿਆ ਕੇ ਵਿਖਾਇਆ ਜਾਂਦਾ ਹੈ। ਇਥੇ ਇਹ ਗੱਲ ਵੀ ਸਥਾਪਿਤ ਹੋ ਜਾਂਦੀ ਹੈ ਕਿ ਮਰਦ-ਪ੍ਰਧਾਨ ਸਮਾਜ, ਮਨੁੱਖੀ ਵਰਤਾਰਾ ਹੈ ਅਤੇ ਇਸਨੂੰ ਇਤਿਹਾਸਕ ਤੌਰ 'ਤੇ ਸਮਾਜ ਵਿਚ ਸਮਾਜਕ-ਆਰਥਕ ਅਤੇ ਸਿਆਸੀ ਅਮਲਾਂ ਨਾਲ ਤਿਆਰ ਕੀਤਾ ਗਿਆ ਹੈ। 
 
ਪਰ ਮਨੋਵਿਸ਼ਲੇਸ਼ਕਾਂ ਅਨੁਸਾਰ ਪਿਤਾ-ਪੁਰਖੀ ਸਮਾਜ ਦਾ ਇਹ ਪਸਾਰ ਇਕਹਿਰਾ ਨਹੀਂ ਹੈ। ਮਰਦ ਦੇ ਗੁਣਾ-ਲੱਛਣਾਂ ਨੂੰ ਨਿਰਧਾਰਤ ਕਰਕੇ ਉਹ ਮਰਦਾਂ ਲਈ ਵੀ ਇਕ ਅਜਿਹਾ ਦਾਇਰਾ ਨਿਸ਼ਚਿਤ ਕਰ ਦਿੰਦਾ ਹੈ, ਜਿਸ ਤੋਂ ਬਾਹਰ ਜਾਣ 'ਤੇ ਉਹਨਾਂ ਨੂੰ ਅਜਨਬੀਪਨ ਦਾ ਅਹਿਸਾਸ ਕਰਨਾ ਪੈਂਦਾ ਹੈ। ਇਹ ਠੀਕ ਹੈ ਕਿ ਉਸਨੂੰ ਸਮਾਜ ਵਿਚ ਆਪਣੀ ਮਰਜ਼ੀ ਚਲਾਉਣ ਦੀ ਅਜ਼ਾਦੀ ਹੈ, ਪਰ ਸਮਾਜਕ ਬੰਦਿਸ਼ ਦੀ ਇਕ ਨਿਸ਼ਚਿਤ ਮਰਿਆਦਾ, ਉਸਦੀ ਹੱਦ ਵੀ ਤੈਅ ਕਰ ਦਿੰਦੀ ਹੈ। ਇਹ ਮਨੋਵਿਸ਼ਲੇਸ਼ਣ, ਫ਼ਰਾਇਡ ਵਲੋਂ ਈਡੀਪਸ ਦੀ ਕਹਾਣੀ ਨੂੰ ਅਧਾਰ ਬਣਾਕੇ ਪੇਸ਼ ਕੀਤੇ ਗਏ ਵੇਰਵਿਆਂ ਨਾਲ ਇਕ ਆਮ ਪਰਿਵਾਰ ਬਾਰੇ ਸਿਧਾਂਤ ਦੀ ਸੋਧ ਮਗਰੋਂ ਸਾਹਮਣੇ ਆਇਆ ਹੈ। ਸਾਹਿਤ ਨੂੰ ਲਿੰਗ ਅਨੁਸਾਰ ਪਰਿਭਾਸ਼ਤ ਕਰਨ ਲਗਿਆਂ, ਮਨੋਵਿਸ਼ਲੇਸ਼ਣ ਦਾ ਇਹ ਸਿਧਾਂਤ ਕਾਫ਼ੀ ਅਹਿਮ ਹੋ ਜਾਂਦਾ ਹੈ। ਇਸ ਅਨੁਸਾਰ ਅਜਿਹੇ ਨਿਜ਼ਾਮ ਵਿਚ ਸੱਤਾ ਕਾਇਮ ਕਰਨ ਵਾਲੀਆਂ ਸਾਰੀਆਂ ਕਾਰਵਾਈਆਂ ਆਮ ਤੌਰ 'ਤੇ ਅਚੇਤ ਰੂਪ ਵਿਚ ਕੰਮ ਕਰਦੀਆਂ ਹਨ। ਇਹਨਾਂ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਇਸਤ੍ਰੀ ਨਹੀਂ ਹੈ, ਬਲਕਿ ਸਮਾਜ ਵਿਚਲੀਆਂ ਸਾਰੀਆਂ ਧਿਰਾਂ, ਇਥੋਂ ਤਕ ਕਿ ਮਰਦ ਵੀ ਸ਼ਾਮਲ ਹਨ। ਇਸ ਮਨੋਵਿਸ਼ਲੇਸ਼ਣ ਵਿਚ ਇਸਤ੍ਰੀ ਲੱਛਣ (ਜੋਕਿ ਪਿਤਾ-ਪੁਰਖੀ ਸਿਲਸਿਲੇ ਵਿਚ ਪਹਿਲਾਂ ਤੋਂ ਨਿਸ਼ਚਿਤ ਕੀਤੇ ਜਾ ਚੁੱਕੇ ਹਨ) ਵਾਲੇ ਮਰਦ ਅਤੇ ਲਿੰਗ ਦੇ ਪਰਿਭਾਸ਼ਤ ਖਾਨਿਆਂ ਤੋਂ ਬਾਹਰ ਰੱਖੇ ਗਏ ਖੁਸਰੇ, ਲਿੰਗ ਤਬਦੀਲ ਕਰਕੇ ਇਸਤ੍ਰੀ ਤੋਂ ਮਰਦ ਬਣੇ ਜਾਂ ਮਰਦ ਤੋਂ ਇਸਤ੍ਰੀ ਬਣੇ ਮਨੁੱਖ ਵੀ ਸ਼ਾਮਲ ਹੋ ਸਕਦੇ ਹਨ।

ਕੰਕਰੀਟ ਵਿਚ ਜੜੀ ਗਈ ਲੜਕੀ - ਜੁਨਕੋ ਫੁਰੂਤਾ

ਸਾਲ 1988-89 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਚ ਇਕ ਦਿਲ-ਦਹਿਲਾਉਣ ਵਾਲੀ ਘਟਨਾ ਵਿਚ ਜੁਨਕੋ ਫੁਰੂਤਾ ਨਾਂ ਦੀ ਹਾਈ ਸਕੂਲ ਵਿਚ ਪੜ੍ਹਣ ਵਾਲੀ, ਇਕ 16 ਸਾਲ ਦੀ ਲੜਕੀ ਦੀ ਲਾਸ਼ ਸੀਮੈਂਟ ਵਿਚ ਜੜੀ ਮਿਲੀ।

25 ਨਵੰਬਰ 1988 ਨੂੰ, 17 ਸਾਲਾ ਜੋ ਕਾਮਿਸਾਕੂ ਸਮੇਤ ਪੰਜ ਮੁੰਡਿਆਂ ਨੇ ਮਿਸਾਤੋ, ਸੈਤਾਮਾ ਪ੍ਰੀਫੈਕਚਰ ਤੋਂ 11ਵੀ ਵਿਚ ਪੜ੍ਹਣ ਵਾਲੀ ਫਰੂਤਮਾ ਨੂੰ ਅਗਵਾ ਕਰਕੇ ਜਬਰਨ 44 ਦਿਨ ਕੈਦ ਵਿਚ ਰਖਿਆ। ਉਹਨਾਂ ਨੇ, ਉਸਨੂੰ ਅਦਾਚੀ ਟੋਕੀਓ ਦੇ ਰਿਹਾਇਸ਼ੀ ਜ਼ਿਲ੍ਹੇ ਵਿਚ ਆਪਣੇ ਮਾਤਾ-ਪਿਤਾ ਦੇ ਘਰ ਵਿਚ ਹੀ ਕੈਦ ਰਖਿਆ। 

'ਉਸਨੂੰ ਕੋਈ ਲੱਭੇ ਨਾ', ਇਸ ਲਈ ਇਹਨਾਂ ਮੁੰਡਿਆਂ ਨੇ ਫੁਰੂਤਾ ਨੂੰ ਆਪਣੇ ਮਾਂ-ਪਿਓ ਨੂੰ ਫ਼ੋਨ ਕਰਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਉਹ ਘਰੋਂ ਭੱਜ ਗਈ ਹੈ ਅਤੇ ਆਪਣੇ ਦੋਸਤ ਨਾਲ ਹੈ ਅਤੇ ਉਸਨੂੰ ਖ਼ਤਰਾ ਨਹੀਂ ਹੈ। ਫੁਰੂਤਾ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ। 

ਆਪਣੇ ਮੁਕੱਦਮੇ ਦੌਰਾਨ ਆਪਣੇ ਵਲੋਂ ਦਿਤੇ ਗਏ ਬਿਆਨ ਅਨੁਸਾਰ, ਉਹਨਾਂ ਚਾਰਾਂ ਨੇ ਉਸਦਾ (400 ਤੋਂ ਵੱਧ ਵਾਰ) ਬਲਾਤਕਾਰ ਕੀਤਾ, ਉਸਨੂੰ ਲੋਹੇ ਦੀਆਂ ਛੜਾਂ ਅਤੇ ਗੋਲਫ਼ ਕਲੱਬ ਨਾਲ ਮਾਰਿਆ, ਰੌਸ਼ਨੀ ਵਾਲੇ ਬਲਬ ਸਮੇਤ ਕਈ ਚੀਜ਼ਾਂ, ਉਸਦੀ ਯੋਨੀ ਵਿਚ ਵਾੜੀਆਂ, ਉਸਨੂੰ ਖਾਣ ਲਈ ਬੰਗਾਲਣਾਂ ਅਤੇ ਪੀਣ ਲਈ ਉਸਦਾ ਆਪਣਾ ਪਿਸ਼ਾਬ ਦਿਤਾ, ਉਸਦੀ ਗੁਦਾ (anus) ਵਿਚ ਪਟਾਖ਼ੇ ਜਲਾਏ, ਫੁਰੂਤਾ ਨੂੰ ਮੁੱਠ ਮਾਰਨ (masturbate) ਕਰਨ ਲਈ ਮਜਬੂਰ ਕੀਤਾ, ਪਲਾਸ (pliers) ਨਾਲ ਉਸਦੇ ਨਿੱਪਲ ਕੱਟੇ, ਉਸਦੇ ਢਿੱਡ 'ਤੇ ਡੰਬਲ (ਵਰਜਿਸ਼ ਵਾਲੇ ਮੁੱਗਦਰ) ਸੁੱਟੇ ਅਤੇ ਉਸਨੂੰ ਸਿਗਰਟਾਂ ਅਤੇ ਲਾਈਟਰਾਂ ਨਾਲ ਜਲਾਇਆ। ਇਕ ਵਾਰ ਉਸਨੂੰ ਪੁਲਿਸ ਬੁਲਾਉਣ ਦੀ ਕੋਸ਼ਿਸ਼ ਕਰਨ 'ਤੇ ਜਲਾਇਆ ਗਿਆ ਸੀ। ਇਹ ਵੀ ਦਸਿਆ ਗਿਆ ਕਿ ਕਈ ਵਾਰ ਅਤਿਆਚਾਰ ਦੀਆਂ ਪਹਿਲੀਆਂ ਕਾਰਵਾਈਆਂ ਮਗਰੋਂ ਉਹ ਪਾਣੀ ਨਹੀਂ ਪੀ ਸਕਦੀ ਸੀ, ਜਿਸ ਕਰਕੇ ਉਹ ਜਦੋਂ ਵੀ ਪਾਣੀ ਪੀਣ ਦੀ ਕੋਸ਼ਿਸ਼ ਕਰਦੀ, ਉਸਨੂੰ ਉਲਟੀ ਆ ਜਾਂਦੀ। ਇਕ ਵਾਰ ਤਾਂ ਉਸਦੀ ਹਾਲਤ ਸੱਟਾਂ ਕਾਰਣ ਇੰਨੀ ਖ਼ਰਾਬ ਹੋ ਗਈ ਕਿ ਉਸਨੂੰ ਗ਼ੁਸਲਖ਼ਾਨੇ ਦੀ ਵਰਤੋਂ ਕਰਨ ਲਈ ਘਿਸਟ-ਘਿਸਟ ਕੇ ਹੇਠਾਂ ਜਾਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਉਹਨਾਂ ਇਹ ਵੀ ਦਸਿਆ ਕਿ 'ਕੋਈ ਸੌ ਕੁ ਵੱਖ-ਵੱਖ ਲੋਕਾਂ' ਨੂੰ ਇਹ ਪਤਾ ਸੀ ਕਿ ਫੁਰੂਤਾ ਨੂੰ ਉਥੇ ਕੈਦ ਕਰਕੇ ਰਖਿਆ ਗਿਆ ਸੀ', ਪਰ ਇਹ ਸਪਸ਼ਟ ਨਹੀ ਹੋ ਸਕਿਆ ਕਿ ਉਹ, ਜਿਥੇ ਫੁਰੂਤਾ ਕੈਦ ਸੀ, ਉਥੇ ਵੱਖ-ਵੱਖ ਸਮਿਆਂ 'ਤੇ ਗਏ ਸਨ ਜਾਂ ਉਹਨਾਂ ਨੇ ਆਪ ਵੀ ਉਸਦਾ ਬਲਾਤਕਾਰ ਕੀਤਾ ਸੀ ਜਾਂ ਉਸਨੂੰ ਮਾਰਿਆ-ਕੁੱਟਿਆ ਸੀ। ਜਦੋਂ ਮੁੰਡਿਆਂ ਨੇ ਉਸਨੂੰ ਉਥੋਂ ਜਾਣ ਨਹੀਂ ਦਿਤਾ, ਤਾਂ ਫੁਰੂਤਾ ਨੇ ਕਈ ਵਾਰ, ਉਹਨਾਂ ਤੋਂ ਮੌਤ ਮੰਗੀ। 


4 ਜਨਵਰੀ 1989 ਨੂੰ ਮਾਹਜੋਂਗ ਸਾੱਲਿਟੇਅਰ ਦੇ ਨੁਕਸਾਨ ਕਾਰਣ, ਚਾਰਾਂ ਨੇ ਉਸਨੂੰ ਇਕ ਲੋਹੇ ਦੀ ਬਾਰਬੈਲ ਨਾਲ ਮਾਰਿਆ-ਕੁੱਟਿਆ, ਉਸਦੀਆਂ ਲੱਤਾਂ, ਬਾਹਵਾਂ, ਮੂੰਹ ਅਤੇ ਢਿੱਡ 'ਤੇ ਲਾਈਟਰ ਦਾ ਤਰਲ ਈਂਧਣ ਪਾਇਆ ਅਤੇ ਉਸਨੂੰ ਅੱਗ ਲਾ ਦਿਤੀ। ਉਸ ਦਿਨ ਮਗਰੋਂ ਜਿਹੇ ਉਹ ਸਦਮੇ ਨਾਲ ਮਰ ਗਈ। ਚਾਰੋਂ ਮੁੰਡਿਆਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨੂੰ ਇੰਨੀ  ਜ਼ਿਆਦਾ ਸੱਟ ਲੱਗੀ ਹੈ ਅਤੇ ਉਹਨਾਂ ਦਾ ਮੰਨਣਾ ਸੀ ਕਿ ਉਹ ਢੋਂਗ ਕਰ ਰਹੀ ਸੀ। 

5 ਜਨਵਰੀ 1989 ਨੂੰ ਕਾਤਲਾਂ ਨੇ ਉਸਦੀ ਲਾਸ਼ ਨੂੰ ਸੀਮੇਂਟ ਨਾਲ ਭਰੇ 55 ਗੈਲਨ ਦੇ ਡ੍ਰਮ ਵਿਚ ਛਿਪਾਇਆ ਅਤੇ ਡ੍ਰਮ ਨੂੰ ਟੋਕੀਓ ਵਿਚ ਕੋਟੋ ਵਿਚ ਇਕ ਮੁੜ ਵਰਤੋਂ ਯੋਗ ਬਣਾਈ ਗਈ ਜ਼ਮੀਨ 'ਤੇ ਛੱਡ ਦਿਤਾ। 

ਇਹਨਾਂ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਬਾਲਗ਼ਾਂ ਵਜੋਂ ਮੁੱਕਦਮਾ ਚਲਾਇਆ ਗਿਆ। ਪਹਿਲਾਂ ਪਹਿਲ ਕਾਮਿਸਾਕੂ ਨੂੰ ਅੱਠ ਸਾਲ ਲਈ ਨੌਜਵਾਨਾਂ ਦੀ ਜੇਲ੍ਹ ਵਿਚ ਭੇਜਿਆ ਗਿਆ, ਬਾਦ ਵਿਚ ਉਸਨੂੰ ਕਿਸੇ ਨੂੰ ਇਸ ਕਿੱਸੇ ਨਾਲ ਡਰਾਉਣ ਅਤੇ ਮਾਰਣ-ਕੁੱਟਣ ਲਈ ਹੋਰ ਸੱਤ ਸਾਲ ਲਈ ਸਜ਼ਾ ਦਿਤੀ ਗਈ। ਸਾਰੇ ਮੁੰਡਿਆਂ ਨੂੰ, ਸਬੂਤਾਂ ਦੀ ਘਾਟ ਅਤੇ ਸ਼ੁਕਰਾਣੂਆਂ ਅਤੇ ਜਣਨ-ਅੰਗਾਂ ਦੇ ਵਾਲਾਂ ਦੇ ਮੇਲ ਨਾ ਖਾਣ ਕਾਰਣ ਬਹੁਤ ਘੱਟ ਸਜ਼ਾ ਦਿਤੀ ਗਈ। 

ਜੁਲਾਈ 1990 ਵਿਚ ਹੇਠਲੀ ਅਦਾਲਤ ਵਲੋਂ ਦਿਤੀ ਗਈ ਸਜ਼ਾ ਦੇ ਖ਼ਿਲਾਫ਼ ਵੱਡੀ ਅਦਾਲਤ ਵਿਚ ਅਪੀਲ ਕੀਤੇ ਜਾਣ 'ਤੇ ਉਹਨਾਂ ਦੀ ਸਜ਼ਾ ਹੋਰ ਵਧਾ ਦਿਤੀ ਗਈ। ਅਦਾਲਤ ਦੇ ਜੱਜ ਨੇ ਕਿਹਾ ਕਿ ਅਦਾਲਤ ਨੇ ਇਹ ਸਜ਼ਾ, ਜੁਰਮ ਦੀ ਪ੍ਰਕਿਰਤੀ, ਪੀੜ੍ਹਤ ਕੁੜੀ ਦੇ ਪਰਿਵਾਰ 'ਤੇ ਅਸਰ ਅਤੇ ਇਸ ਜੁਰਮ ਦਾ ਸਮਾਜ 'ਤੇ ਅਸਰ ਕਾਰਣ ਵਧਾਈ ਹੈ। ਇਸ ਵਾਰ ਲੀਡਰ ਮੁੰਡੇ ਨੂੰ ਵੀਹ ਸਾਲ ਦੀ ਸਜ਼ਾ ਦਿਤੀ ਗਈ, ਜੋ ਕਿ ਉਮਰ ਕੈਦ ਤੋਂ ਬਾਦ ਸਭ ਤੋਂ ਵੱਡੀ ਸਜ਼ਾ ਹੈ। ਅਪੀਲ ਕਰਨ ਵਾਲੇ ਦੋ ਹੋਰ ਮੁੰਡਿਆਂ 'ਚੋਂ ਇਕ ਨੂੰ, ਜਿਸਨੂੰ ਪਹਿਲਾਂ 4 ਤੋਂ 6 ਸਾਲ ਦੀ ਸਜ਼ਾ ਮਿਲੀ ਸੀ, ਹੁਣ 5 ਤੋਂ 9 ਸਾਲ ਲਈ ਜੇਲ੍ਹ ਭੇਜਿਆ ਗਿਆ ਅਤੇ ਦੂਜੇ ਮੁੰਡੇ ਦੀ ਸਜ਼ਾ ਨੂੰ ਵੀ 5 ਸਾਲ ਤੋਂ ਵਧਾ ਕੇ 7 ਸਾਲ ਕੀਤਾ ਗਿਆ।

ਮੀਡੀਆ ਨੇ ਇਸ ਕੇਸ ਵਿਚ, ਨੌਜਵਾਨ ਮੁਜਰਮਾਂ ਦੀ ਸਜ਼ਾ ਅਤੇ ਮੁੜਵਸੇਬੇ ਦੇ ਮੁੱਦੇ ਨੂੰ ਚੁੱਕਿਆ। ਕਾਫ਼ੀ ਦੇਰ ਤਕ ਇਹ ਕੇਸ, ਮੀਡੀਆ ਵਿਚ ਉਛਲਦਾ ਰਿਹਾ।

ਜਪਾਨ ਵਿਚ ਇਸ ਘਟਨਾ ਬਾਰੇ ਜਪਾਨੀ ਵਿਚ ਦੋ ਕਿਤਾਬਾਂ ਲਿਖੀਆਂ ਗਈਆਂ। ਫੁਜੀ ਸੇਜੀ ਵਲੋਂ ਲਿਖੀ ਗਈ ਅਤੇ ਕਾਮਤਾ ਯੋਜੀ ਦੇ ਪੇਸ਼ਕਾਰੀ ਵਾਲੀ ਕਿਤਾਬ ਇਕ ਜਪਾਨੀ ਮਾਂਗਾ, 17 ਸਾਈ, ਸਾਲ 2004 ਵਿਚ ਜਾਰੀ ਕੀਤੀ ਗਈ। ਇਸ ਵਿਚ ਇਸ ਜੁਰਮ ਦੀਆਂ ਘਟਨਾਵਾਂ ਨੂੰ ਤਾਰੀਖ਼ਬੱਧ ਕਰਕੇ ਦਿਤਾ ਗਿਆ ਸੀ।

ਡਾਇਰੈਕਟਰ ਕਾਤਸੁਇਆ ਮਤਸੁਮੁਰਾ ਨੇ 1995 ਵਿਚ ਇਸ ਸ਼ੋਸ਼ਣ ਬਾਰੇ ਫ਼ਿਲਮ, ਜੋਸ਼ੀਕੋਸੇਈ ਕੋਨਕੁਰੀਤੋ-ਜ਼ੁਮੇ ਸਤਸੁਜਿਨ-ਜਿਕੇਨ (ਕੰਕਰੀਟ ਵਿਚ ਦਬੀ, ਹਾਈ ਸਕੂਲ ਦੀ ਕੁੜੀ ਦੇ ਕ਼ਤਲ ਦਾ ਕੇਸ) ਬਣਾਈ। ਇਸ ਘਟਨਾ ਬਾਰੇ ਲਿਖੀਆਂ ਗਈਆਂ ਕਿਤਾਬਾਂ 'ਚੋਂ ਇਕ ਦੇ ਅਧਾਰ 'ਤੇ ਇਕ ਹੋਰ ਫ਼ਿਲਮ 'ਕੰਕਰੀਟ' ਅਰਥਾਤ ਸੀਮੈਂਟ ਵਿਚ ਸਕੂਲ ਦੀ ਕੁੜੀ, ਡਾਇਰੈਕਟਰ ਹੀਰੋਮੂ ਨਾਕਾਮੁਰਾ ਨੇ 2004 ਵਿਚ ਬਣਾਈ। 

ਸਾਲ 2006 ਵਿਚ, ਇਕ ਜਪਾਨੀ ਰਾੱਕ ਬੈਂਡ ਦਿ ਗ਼ਜ਼ਟ ਨੇ ਉਸ ਕੁੜੀ ਦੀ ਯਾਦ ਵਿਚ ਆਪਣੀ ਐਲਬਮ 'ਨਿਲ' ਵਿਚ ਤਾਓਂ (ਦੇਹੀ ਤਾਪਮਾਨ) ਨਾਂ ਦਾ ਗਾਣਾ ਗਾਇਆ। ਇਸ ਘਟਨਾ ਨੂੰ ਵਾਤੀਆ ਉਜ਼ੁਗਾ ਦੀਆਂ 'ਅੱਜ ਦੀਆਂ ਅਨੋਖੀਆਂ ਸੱਚੀਆਂ ਕਹਾਣੀਆਂ' ਵਿਚ ਸ਼ਾਮਲ ਕੀਤਾ ਗਿਆ ਹੈ। 

Friday, September 23, 2011

ਫੈਮਿਨਿਜ਼ਮ ਦੀ ਮੌਤ (ਕੁਝ ਵਿਚਾਰ)



                                                ਐਡੀ ਕਾੱਨਵੇਅ (ਚਿੰਤਕ ਕਾਲਮਨਵੀਸ)                                                                                                                                                                              

ਸਾਡੇ ਸਭਿਆਚਾਰ ਵਿਚ ਅੱਜ, ''ਫ਼ੈਮਿਨਿਜ਼ਮ'' ਸ਼ਬਦ, ਇਕ ਮਾੜੇ ਸ਼ਬਦ ਦੇ ਬਰਾਬਰ ਹੈ ਅਤੇ ਜ਼ਿਆਦਾਤਰ ਲੋਕ, ਫ਼ੈਮਿਨਿਸਟ ਕਹਾਉਣ ਵਿਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਹਾਲਾਂਕਿ ਇਹ ਦਰਅਸਲ ਹਰੇਕ ਲਈ ਬਰਾਬਰੀ ਵਾਲੇ ਹੱਕਾਂ ਬਾਰੇ ਹੈ।
ਅਜਿਹਾ ਕਿਉਂ ਹੈ ਕਿ ਫ਼ੈਮਿਨਿਜ਼ਮ, ਜੋ ਕਿ ਮਰਦਾਂ ਅਤੇ ਔਰਤਾਂ ਲਈ ਇਕੋ ਜਿਹੇ ਹੱਕ ਚਾਹੁੰਦਾ ਹੈ, ਸਾਡੇ ਸਭਿਆਚਾਰ ਵਿਚ ਅਜਿਹਾ ਨਾਂਹ-ਪੱਖੀ ਪਹਿਲੂ ਬਣ ਗਿਆ ਹੈ?
ਇੰਜ ਸ਼ਾਇਦ ਉਸ ਧਾਰਣਾ ਕਰਕੇ ਹੋ ਸਕਦਾ ਹੈ, ਜਿਸਨੇ ਫ਼ੈਮਿਨਿ
ਜ਼ਮ ਨੂੰ ਘੇਰਾ ਪਾਇਆ ਹੋਇਆ ਹੈ: ਇਕ ਮਰਦ ਵਾਂਗ ਦਿੱਖ ਰਹੀ ਲੈਸਬੀਅਨ, ਜੋ ਸ਼ੋਰ ਪਾਉਂਦੀ ਹੈ ਕਿ ਮਰਦ ਕਿੰਨੇ ਸ਼ੈਤਾਨ ਹਨ ਅਤੇ ਕਿ ਔਰਤਾਂ, ਵਾਕਈ ਕਿਸੇ ਹੋਰ ਲਿੰਗ ਤੋਂ ਬਿਹਤਰ ਹਨ।
ਦਰਅਸਲ, ਮੇਰੇ ਵਿਚਾਰ ਵਿਚ ਸਮਾਂ ਆ ਗਿਆ ਹੈ ਕਿ ਅਸੀਂ ਉਸ ਧਾਰਣਾ ਤੋਂ ਬਾਹਰ ਨਿਕਲੀਏ। ਫ਼ੈਮਿਨਿ
ਜ਼ਮ, ਮਨੁੱਖਤਾ ਦੇ ਇਕ ਪਹਿਲੂ ਨੂੰ ਦੂਜਾ ਤੋਂ ਬਿਹਤਰ ਬਣਾਉਣਾ ਨਹੀਂ ਹੈ; ਇਹ ਸਾਰੇ ਲਿੰਗਾਂ (ਮਰਦ, ਔਰਤ ਜਾਂ ਲਿੰਗ ਬਦਲਵਾ ਕੇ ਬਣੇ ਇਸਤ੍ਰੀ/ਮਰਦ) ਨੂੰ ਬਰਾਬਰ ਬਣਾਉਣ ਬਾਰੇ ਹੈ।
ਫ਼ੈਮਿਨਿ
ਜ਼ਮ ਨੂੰ ਤਿੰਨ ਲਹਿਰਾਂ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ: ਪਹਿਲੀ ਲਹਿਰ 19ਵੀਂ ਅਤੇ 20ਵੀਂ ਸਦੀ ਦੇ ਅਖ਼ੀਰ ਤਕ ਹੈ, ਦੂਜੀ ਲਹਿਰ 1960 ਤੋਂ 1980 ਤਕ ਚਲਦੀ ਹੈ ਅਤੇ ਤੀਜੀ ਲਹਿਰ 1980ਆਂ ਦੇ ਅੰਤ ਤੋਂ ਅੱਜ ਦੇ ਦਿਨ ਤਕ ਕਾਰਜਸ਼ੀਲ ਹੈ।
ਫ਼ੈਮਿਨਿ
ਜ਼ਮ ਦਾ ਇਤਿਹਾਸ ਮਹੱਤਵਪੂਰਣ ਹੈ; ਕਿਉਂਕਿ ਅਸੀਂ ਮੈਥ ਅਤੇ ਸਾਇੰਸ ਵਿਚ ਪੜ੍ਹਿਆ ਹੈ ਕਿ ਚੀਜ਼ਾਂ ਇਕ-ਦੂਜੇ ਦੇ ਉਤੇ ਉਸਰਦੀਆਂ ਹਨ, ਅਤੇ ਫ਼ੈਮਿਨਿਜ਼ਮ ਵੀ ਕੋਈ ਅਪਵਾਦ ਨਹੀਂ ਹੈ। ਫ਼ੈਮਿਨਿਜ਼ਮ ਨੂੰ, ਇਕ ਵਿਚਾਰ ਅਤੇ ਇਕ ਸਿਧਾਂਤ ਦੋਵਾਂ ਵਜੋਂ ਉਸਰਣ ਅਤੇ ਵੱਧਣ-ਫੁਲਣ ਲਈ, ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਅਤੇ ਨਵੇਂ ਵਿਚਾਰਾਂ ਬਾਰੇ ਸੋਚਣ ਦੀ ਲੋੜ ਹੈ: ਆਮ ਸ਼ਬਦਾਂ ਵਿਚ, ਲੋਕਾਂ ਦੀ ਸ਼ਮੂਲੀਅਤ ਦੀ ਲੋੜ ਹੈ। ਫ਼ੈਮਿਨਿਜ਼ਮ ਨਾਲ, ਮੈਨੂੰ ਇੰਜ ਹੁੰਦਾ ਨਹੀਂ ਲਗਦਾ ਹੈ, ਅਤੇ ਇਸ ਲਈ ਮੈਨੂੰ ਇਹ ਸੋਚਣਾ ਪਿਆ ਕਿ ਕੀ ਫ਼ੈਮਿਨਿਜ਼ਮ ਦੀ ਮੌਤ ਹੋਣ ਵਾਲੀ ਹੈ?
ਜੇ ਇਹ ਸੱਚ ਹੈ ਕਿ ਹਾਂ, ਗਰਮ ਵਿਚਾਰਾਂ ਵਾਲੇ ਕੁਝ ਇਹ ਕਹਿੰਦੇ ਹਨ ਕਿ ਆਦਮੀ, ਔਰਤ ਨੂੰ ਹੇਠਾਂ ਵਲ ਲਿਆ ਰਹੇ ਹਨ, ਪਰ ਅਸਲ ਵਿਚ ਸਾਰੇ ਫ਼ੈਮਿਨਿਸਟ ਇੰਜ ਕਾਰਵਾਈ ਨਹੀਂ ਕਰਦੇ ਜਾਂ ਇਥੋਂ ਤਕ ਕਿ ਇੰਜ ਸੋਚਦੇ ਵੀ ਨਹੀਂ ਹਨ।
ਸੱਚਾਈ ਇਹ ਹੈ ਕਿ ਜ਼ਿਆਦਾਤਰ ਔਰਤਾਂ ਨੂੰ, ਹਾਲਾਂਕਿ ਉਹ, ਮਰਦਾਂ ਤੋਂ ਅੱਗੇ ਵੱਧ ਰਹੀਆਂ ਹਨ, ਹਾਲੀਂ ਵੀ ਬਰਾਬਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਫ਼ੋਰਬਸ ਦੇ ਇਕ ਲੇਖ ਵਿਚ ਦਸਿਆ ਗਿਆ ਹੈ ਕਿ ਔਰਤਾਂ ਨੂੰ ਔਸਤਨ 
$25.08 ਫ਼ੀ ਘੰਟਾ ਭੁਗਤਾਨ ਕੀਤਾ ਜਾਂਦਾ ਹੈ, ਜਦਕਿ ਮਰਦਾਂ ਨੂੰ ਔਸਤਨ $
29.66 ਫ਼ੀ ਘੰਟਾ ਦਿਤਾ ਜਾਂਦਾ ਹੈ, ਇਸ ਤੱਥ ਦੇ ਬਾਵਜੂਦ ਕਿ ਇਹਨਾਂ ਵਿਅਕਤੀਆਂ ਦੀਆਂ ਯੋਗਤਾਵਾਂ ਇਕੋ ਜਿਹੀਆਂ ਹਨ। $4 ਦਾ ਫ਼ਰਕ ਹਾਲਾਂਕਿ ਕੋਈ ਵੱਡੀ ਗੱਲ ਨਹੀਂ ਲਗਦੀ ਹੈ, ਪਰ ਲੰਮੇ ਸਮੇਂ ਵਿਚ ਜਾ ਕੇ ਇਹ ਵੱਡੀ ਹੋ ਜਾਂਦੀ ਹੈ। 
ਇਸਦੇ ਨਾਲ ਹੀ, ਕੰਮ ਵਾਲੀ ਥਾਂ 'ਤੇ ਔਰਤਾਂ ਇਹ ਵੀ ਮਹਿਸੂਸ ਕਰਦੀਆਂ ਹਨ ਕਿ ਉਹਨਾਂ ਦਾ, ਆਪਣੇ ਕੈਰੀਅਰ ਅਤੇ ਮਾਂ-ਪੁਣੇ ਵਿਚ ਸੰਤੁਲਨ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਔਰਤਾਂ, ਜੋ ਆਮ ਤੌਰ 'ਤੇ, ਆਪਣੀ ਉਮਰ ਦੇ 20ਵੇਂ ਜਾਂ 30ਵੇਂ ਦਹਾਕੇ ਵਿਚ ਮਾਂ ਬਣਦੀਆਂ ਹਨ, ਆਪਣੇ ਕੈਰੀਅਰ ਨੂੰ ਵਧਾਉਣ ਲਈ ਇਸ ਕਾਰਜ ਨੂੰ, ਇਹ ਸੋਚਕੇ ਮੁਲਤਵੀ ਕਰ ਦਿੰਦੀਆਂ ਹਨ, ਕਿ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਮਰਦਾਂ ਵਲੋਂ, ਉਹਨਾਂ ਦਾ ਮੁਲਾਂਕਣ ਕੀਤਾ ਜਾਏਗਾ।  
ਕਈ ਲੋਕ ਮੰਨਦੇ ਹਨ ਕਿ ਫ਼ੈਮਿਨਿ
ਜ਼ਮ ਮਰ ਗਿਆ ਹੈ ਜਾਂ ਕਿ ਹੁਣ ਫ਼ੈਮਿਨਿਜ਼ਮ ਦੀ ਲੋੜ ਨਹੀਂ ਰਹੀ ਹੈ; ਉਹ ਇਹਨਾਂ ਦੋਵਾਂ ਗੱਲਾਂ ਵਿਚ ਗ਼ਲਤ ਹਨ। ਫ਼ੈਮਿਨਿਜ਼ਮ, ਜ਼ਿੰਦਾ ਹੈ ਅਤੇ ਚੰਗੀ ਹਾਲਤ ਵਿਚ ਹੈ ਅਤੇ ਜਦ ਤਕ ''ਤਨਖ਼ਾਹ ਵਿਚ ਸਿਰਫ਼ $4 ਵੱਧ'' ਵਰਗਾ ਫ਼ਰਕ ਹੈ, ਇਸ ਗੱਲ ਦੀ ਲੋੜ ਵੀ ਰਹੇਗੀ।
ਕੁਝ ਵੀ ਬਦਲਣ ਲਈ, ਤੁਹਾਡੇ ਵਿਚ ਇਸਨੂੰ ਬਦਲਣ ਦੀ ਚਾਹ ਹੋਣੀ ਚਾਹੀਦੀ ਹੈ। ਮੈਂ ਨਹੀਂ ਮੰਨਦੀ ਕਿ ਇਹ, ਉਹਨਾਂ ਲੋਕਾਂ ਲਈ ਸਹੀ ਹੈ, ਜਿਹਨਾਂ ਨੇ, ਜਿਥੇ ਉਹ ਪਹੁੰਚੇ ਹਨ, ਓਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੋਵੇ ਅਤੇ ਲਾਭ ਨਾ ਲਏ ਹੋਣ, ਸਿਰਫ਼ ਇਸ ਕਰਕੇ ਕਿ ਉਹ ਔਰਤਾਂ ਹਨ।
ਇਹ ਗੱਲ, ਇਸ ਸਬੰਧੀ ਮੇਰੇ ਪਿਛਲੇ ਕਾੱਲਮ ਨਾਲ ਸਬੰਧਿਤ ਹੋ ਸਕਦੀ ਹੈ, ਪਰ ਮੈਂ ਈਮਾਨਦਾਰੀ ਨਾਲ ਮੰਨਦੀ ਹਾਂ ਕਿ ਲੋਕਾਂ ਨੂੰ, ਸਿਰਫ਼ ਉਹਨਾਂ ਦੇ ਲਿੰਗ ਕਰਕੇ, ਹੋਰਾਂ ਨੂੰ ਸਹੀ-ਗ਼ਲਤ ਨਹੀਂ ਠਹਿਰਾਉਣਾ ਚਾਹੀਦਾ ਹੈ। ਇਸ ਵਿਚ ਹੋਰ ਚੀਜ਼ਾਂ ਵੀ ਸ਼ਾਮਲ ਹਨ, ਜਿਵੇਂ ਕਿ ਚਮੜੀ ਦਾ ਰੰਗ, ਗ੍ਰੇਡਸ, ਸਕੂਲ ਅਤੇ ਹੋਰ ਕਾਫ਼ੀ ਕੁਝ। ਦਰਅਸਲ, ਲੋਕਾਂ ਨੂੰ ਹੋਰਨਾਂ ਨੂੰ ਉਪਰੋਕਤ ਅਤੇ ਹੋਰਨਾਂ ਕਾਰਣਾਂ ਸਮੇਤ ਕਿਸੇ ਕਾਰਣ ਲਈ ਸਹੀ-ਗ਼ਲਤ ਨਹੀਂ ਠਹਿਰਾਉਣਾ ਚਾਹੀਦਾ ਹੈ।
ਫ਼ੈਮਿਨਿ
ਜ਼ਮ ਨੂੰ, ਸਾਡੇ ਸਮਾਜ ਵਿਚ ਮਾੜੇ ਵਜੋਂ ਨਹੀਂ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਮਾੜੀਆਂ ਗੱਲਾਂ ਦੀ ਵਕਾਲਤ ਨਹੀਂ ਕਰ ਰਿਹਾ ਹੈ। ਇਹ, ਅਬਾਦੀ ਦੇ ਸਿਰਫ਼ ਅੱਧੇ ਹਿੱਸੇ ਲਈ ਹੀ ਨਹੀ, ਬਲਕਿ ਸਮੁੱਚੀ ਲੋਕਾਈ ਲਈ ਸ਼ਾਂਤੀ ਅਤੇ ਬਰਾਬਰੀ ਦੀ ਮੰਗ ਕਰ ਰਿਹਾ ਹੈ। ਇਕ ਲਿੰਗ, ਦੂਜੇ ਤੋਂ ਬਿਹਤਰ ਨਹੀਂ ਹੈ; ਹਾਲਾਂਕਿ ਸਾਡੇ ਸਮਾਜ ਵਿਚ, ਅਕਸਰ ਇਹ ਗੱਲ ਸੱਚ ਲਗਦੀ ਹੈ। ਇੰਜ ਨਹੀਂ ਹੈ। ਇਹ ਸਮਾਂ ਬਦਲਾਅ ਦਾ ਹੈ; ਇਹ ਸਮਾਂ ਇਕ-ਦੂਜੇ ਨੂੰ ਸਹੀ-ਗ਼ਲਤ ਠਹਿਰਾਉਣਾ ਬੰਦ ਕਰਨ ਦਾ ਹੈ ਅਤੇ ਇਕ-ਦੂਜੇ ਨੂੰ ਪ੍ਰਵਾਨ ਕਰਨ ਦਾ ਹੈ।
ਲੋਕ ਟਿੱਪਣੀਆਂ ਕਰਦੇ ਹਨ, ਜਿਹਨਾਂ ਵਿਚ ਕਿਹਾ ਜਾਂਦਾ ਹੈ ਕਿ ਫ਼ੈਮਿਨਿਸਟ, ਹੋਰਨਾਂ ਨੂੰ, ਖ਼ਾਸ ਕਰਕੇ ਮਰਦਾਂ ਨੂੰ ਸਹੀ/ਗ਼ਲਤ ਠਹਿਰਾ ਰਹੇ ਹਨ। ਪਰ, ਇਹ ਕਹਿਕੇ ਉਹ, ਫ਼ੈਮਿਨਿਸਟਾਂ ਨੂੰ ਸਹੀ-ਗ਼ਲਤ ਠਹਿਰਾ ਰਹੇ ਹਨ। ਦੂਜੇ ਸ਼ਬਦਾਂ ਵਿਚ, ਉਹ ਇਕ ਹਿਪੋਕ੍ਰੇਟ ਵਾਂਗ ਕੰਮ ਕਰ ਰਹੇ ਹਨ।
ਇਸਦੇ ਨਾਲ ਹੀ, ਮੈਂ ਸਮਝਦੀ ਹਾਂ ਕਿ ਲੋਕ ਕਿਉਂ ਆਪਣੇ ਆਪ ਨੂੰ ਫ਼ੈਮਿਨਿਸਟ ਕਹਿਣ ਤੋਂ ਹਿਚਕਿਚਾਉਂਦੇ ਹਨ, ਭਾਵੇਂਕਿ ਉਹ ਜੋ ਮੰਨਦੇ ਹਨ, ਦਰਅਸਲ ਬਹੁਤ ਹੱਦ ਤਕ ਫ਼ੈਮਿਨਿਸਟ ਨੀਤੀਆਂ ਵਰਗੀਆਂ ਜਾਂ ਇਸ ਤਰ੍ਹਾਂ ਦੀਆਂ ਨੀਤੀਆਂ ਵਿਚ ਵਿਸ਼ਵਾਸ ਰੱਖਦੇ ਹਨ, ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਸਾਰੇ ਫ਼ੈਮਿਨਿਸਟ, ਉਸ ਧਾਰਣਾ ਵਿਚ ਫਿੱਟ ਨਹੀਂ ਹੁੰਦੇ ਹਨ, ਜੋ 
ਜ਼ਿਆਦਾਤਰ ਲੋਕਾਂ ਦੇ ਮਨ ਵਿਚ ਸ਼ਬਦ ''ਫ਼ੈਮਿਨਿਸਟ'' ਨੂੰ ਸੁਣਦਿਆਂ ਹੀ ਆਉਂਦੀ ਹੈ।
ਫ਼ੈਮਿਨਿ
ਜ਼ਮ ਦਾ ਭਵਿੱਖ, ਹੋਰ ਕਿਸੇ ਵੀ ਹਾਲਤ ਦੇ ਭਵਿੱਖ ਵਾਂਗ ਹੀ, ਬਦਲਾਅ ਲਈ ਸਾਡੇ 'ਤੇ, ਨਵੀਂ ਪੀੜ੍ਹੀ 'ਤੇ ਨਿਰਭਰ ਕਰਦਾ ਹੈ। ਜੇ ਅਸੀਂ ਹੋਰਨਾਂ ਨੂੰ, ਜਿਵੇਂ ਉਹ ਹਨ, ਪ੍ਰਵਾਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਦੂਜੇ ਵੀ ਸਾਨੂੰ, ਜੋ ਵੀ ਅਸੀਂ ਹਾਂ ਲਈ, ਪ੍ਰਵਾਨ ਕਰਨਗੇ।
ਇਕ ਸਮਾਜ ਜਿਵੇਂ ਕੰਮ ਕਰਦਾ ਅਤੇ ਸੋਚਦਾ ਹੈ, ਨੂੰ ਬਦਲਣ ਦੀ ਗੱਲ ਡਰ ਪੈਦਾ ਕਰਦੀ ਹੈ, ਪਰ ਇੰਜ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਅਤੇ ਬਦਲਾਅ ਦਾ ਇਹ ਅਮਲ ਭਵਿੱਖ ਵਿਚ ਵੀ ਜਾਰੀ ਰਹੇਗਾ।
ਅਸਲ ਗੱਲ ਤਾਂ ਇਹ ਹੈ ਕਿ ਬਦਲਾਅ ਲਿਆਉਣ ਦਾ ਇਕੋ-ਇਕ ਤਰੀਕਾ ਹੈ, ਆਪਣੇ-ਆਪ ਵਿਚ ਤਬਦੀਲੀ ਲਿਆਉਣਾ। ਜੇ ਲੋਕ, ਬਦਲਾਅ ਦੇ ਇੱਛੁਕ ਹਨ, ਇਸ ਦੁਨੀਆ ਨੂੰ ਬਿਹਤਰ ਬਣਾਉਣ ਅਤੇ ਸਾਰਿਆਂ ਲਈ ਵਧੇਰੇ ਬਰਾਬਰੀ ਵਾਲੀ ਥਾਂ ਬਣਾਉਣ ਦੇ ਇੱਛੁਕ ਹਨ, ਤਾਂ ਅਸੀਂ ਸਾਰੇ ਇਹ ਕਰ ਸਕਦੇ ਹਾਂ। 

------------------------------------------------------------

Saturday, August 27, 2011

ਫ਼ੈਮਿਨਿਜ਼ਮ

ਫ਼ੈਮਿਨਿਜ਼ਮ, ਉਹ ਵਿਚਾਰਧਾਰਾ ਹੈ, ਜੋ ਇਸਤ੍ਰੀ ਨੂੰ ਆਪਣੇ ਸਮਾਜਕ ਵਰਤਾਰੇ ਪ੍ਰਤੀ ਜਾਗਰਿਤ ਕਰਕੇ, ਉਸਤੋਂ ਬਾਹਰ ਨਿਕਲ ਕੇ, ਆਪਣੀ ਪਛਾਣ ਬਣਾਉਣ ਲਈ ਜਦੋ-ਜਹਿਦ ਕਰਨ ਵਾਸਤੇ ਪ੍ਰੇਰਦੀ ਹੈ। ਇਸਨੂੰ ਇਸਤ੍ਰੀਆਂ ਦੀ ਲਹਿਰ ਅਤੇ ਇਸਤ੍ਰੀਆਂ ਦੀ ਅਜ਼ਾਦੀ ਵਜੋਂ ਵੀ ਜਾਣਿਆ ਜਾਂਦਾ ਹੈ। ਜੋਆਨ ਕੈਲੀ ਅਨੁਸਾਰ, ਇਸ ਲਹਿਰ ਦਾ ਇਕ ਲੰਮਾ ਪਿਛੋਕੜ ਹੈ, ਜਿਸਨੂੰ ਸੰਨ 1400 ਤੋਂ 1789 ਤਕ ਤਿੰਨ ਬੁਨਿਆਦੀ ਸਥਿਤੀਆਂ ਵਜੋਂ ਉਭਾਰਿਆ ਗਿਆ ਹੈ। ਇਹ ਸਥਿਤੀਆਂ ਹਨ:
1. ਮਰਦ ਹਥੋਂ ਬਦਸਲੂਕੀ ਅਤੇ ਇਸਤ੍ਰੀਆਂ ਨਾਲ ਮਾੜੇ ਵਿਹਾਰ ਦੇ ਵਿਰੋਧ ਵਿਚ ਇਕ ਚੇਤੰਨ ਨਜ਼ਰੀਆ, ਵਿਆਹ ਤੋਂ ਨਫ਼ਰਤ ਲਈ, ਇਕ ਦਵੰਦਾਤਮਕ ਵਿਰੋਧ ਕਰਨਾ;
2. ਇਹ ਵਿਸ਼ਵਾਸ ਕਿ ਔਰਤ ਅਤੇ ਮਰਦ ਵਿਚਲਾ ਫ਼ਰਕ ਸਿਰਫ਼ ਜਿਸਮਾਨੀ ਤੌਰ 'ਤੇ ਹੀ ਨਹੀਂ, ਬਲਕਿ ਸਭਿਆਚਾਰਕ ਤੌਰ 'ਤੇ ਵੀ ਸਥਾਪਿਤ ਕੀਤਾ ਜਾਂਦਾ ਹੈ, ਇਕ ਵਿਸ਼ਵਾਸ ਕਿ ਇਸਤ੍ਰੀ, ਉਹ ਸਮਾਜਕ ਸਮੂਹ ਹੈ, ਜਿਸਨੂੰ ਊਣੇ ਵਿਅਕਤੀ ਬਾਰੇ ਮਰਦਾਂ ਦੀਆਂ ਧਾਰਣਾਵਾਂ 'ਤੇ ਪੂਰਾ ਉਤਰਣ ਲਈ ਤਿਆਰ ਕੀਤਾ ਜਾਂਦਾ ਹੈ;
3. ਇਕ ਨਜ਼ਰੀਆ, ਜੋ ਸਦੀਆਂ ਦੇ ਪ੍ਰਵਾਨਿਤ ਮੁੱਲਾਂ ਵਾਲੇ ਸਿਲਸਿਲਿਆਂ ਵਿਚ ਪੀੜ੍ਹੀ ਦਰ ਪੀੜ੍ਹੀ ਤੁਰਿਆ ਆਇਆ ਹੈ, ਦਾ ਪਰਦਾਫ਼ਾਸ਼ ਕਰਨਾ ਅਤੇ ਪੱਖਪਾਤ ਅਤੇ ਤੰਗ-ਨਜ਼ਰੀਏ ਦਾ ਵਿਰੋਧ ਕਰਨਾ; ਮਨੁੱਖਤਾ ਦੀ ਇਕ ਸੱਚੀ ਆਮ ਧਾਰਣਾ ਦੀ ਇੱਛਾ ਰਖਣਾ।
ਇਹਨਾਂ ਸਥਿਤੀਆਂ ਨੂੰ ਅਧਾਰ ਬਣਾ ਕੇ, ਇਸ ਲਹਿਰ ਨੇ ਬੱਚੇ ਪੈਦਾ ਕਰਨ ਜਾਂ ਨਾਂਹ ਕਰਨ ਸਬੰਧੀ ਹੱਕਾਂ, ਘਰੇਲੂ ਹਿੰਸਾ, ਬੱਚੇ ਦੇ ਜਨਮ ਸਮੇਂ ਦੀ ਜਣੇਪਾ ਛੁੱਟੀ, ਬਰਾਬਰੀ ਦੀ ਤਨਖ਼ਾਹ, ਵੋਟ ਦੇਣ ਦੇ ਹੱਕ, ਜਿਨਸੀ ਸ਼ੋਸ਼ਣ ਅਤੇ ਜਿਨਸੀ ਹਿੰਸਾ ਵਰਗੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਹੈ। ਹਰ ਦੇਸ਼ ਦੇ ਹਿਸਾਬ ਨਾਲ ਇਸ ਲਹਿਰ ਦੇ ਮੁੱਦੇ ਵੱਖੋ-ਵੱਖਰੇ ਸਨ। ਉਦਾਹਰਣ ਵਜੋਂ, ਸੂਡਾਨ ਵਿਚ ਇਸਤ੍ਰੀ ਦੇ ਪ੍ਰਜਨਨ ਅੰਗ ਦੇ ਬਾਹਰਲੇ ਹਿੱਸੇ ਨੂੰ ਕੱਟਣ ਦੇ ਵਿਰੋਧ ਦਾ ਮੁੱਦਾ ਸੀ ਅਤੇ ਪੱਛਮੀ ਦੇਸ਼ਾਂ ਵਿਚ ਲਿੰਗ ਪੱਖਪਾਤ ਕਾਰਣ, ਕੰਪਨੀਆਂ ਜਾਂ ਕੰਮ ਕਰਨ ਵਾਲੀਆਂ ਥਾਵਾਂ 'ਤੇ ਇਸਤ੍ਰੀਆਂ ਦੀ ਤਰੱਕੀ ਨੂੰ ਰੋਕ ਦੇਣਾ ਅਤੇ ਹੇਠਲੇ ਪੱਧਰ 'ਤੇ ਰੱਖੇ ਜਾਣ ਦੇ ਖ਼ਿਲਾਫ਼ ਅਵਾਜ਼ ਚੁੱਕੀ ਗਈ।
ਫ਼ੈਮਿਨਿਸਟ ਲਹਿਰ ਨੇ ਸਮਾਜਕ ਅਤੇ ਸਭਿਆਚਾਰਕ ਪੱਧਰ 'ਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਲਿਆਂਦੀਆਂ। ਇਹਨਾਂ ਤਬਦੀਲੀਆਂ ਦਾ ਅਸਰ, ਪਰਿਵਾਰਕ ਸਬੰਧਾਂ, ਧਰਮ, ਸਮਾਜ ਵਿਚ ਔਰਤ ਦੇ ਸਥਾਨ, ਲਿੰਗ ਅਧਾਰਿਤ ਭਾਸ਼ਾ ਅਤੇ ਮਰਦਾਂ ਤੇ ਔਰਤਾਂ ਵਿਚਕਾਰ ਸਬੰਧਾਂ ਵਿਚ ਪ੍ਰਤੱਖ ਤੌਰ 'ਤੇ ਪਿਆ।
ਇਸ ਲਹਿਰ ਦੇ ਇਤਿਹਾਸ ਵਿਚ ਤਿੰਨ ਪੜਾਅ ਆਏ। ਪਹਿਲਾ ਪੜਾਅ, ਦਰਮਿਆਨੀ ਅਤੇ ਉਪਰਲੀ ਸ਼੍ਰੇਣੀ ਦੀਆਂ ਗੋਰੀਆਂ ਔਰਤਾਂ ਨਾਲ ਸਬੰਧਿਤ ਸੀ ਅਤੇ ਇਸ ਵਿਚ ਸਫ਼ਰੇਜ ਅਤੇ ਸਿਆਸੀ ਬਰਾਬਰੀ ਸ਼ਾਮਲ ਸੀ। ਦੂਜੇ ਪੜਾਅ ਦੇ ਫ਼ੈਮਿਨਿਜ਼ਮ ਵਿਚ ਵੀ ਸਮਾਜਕ ਅਤੇ ਸਭਿਆਚਾਰਕ ਨਾ-ਬਰਾਬਰੀਆਂ ਨਾਲ ਹੀ ਨਜਿੱਠਣ ਦੀ ਅੱਗੋਂ ਦੀ ਕੋਸ਼ਿਸ਼ ਕੀਤੀ ਗਈ ਸੀ। ਤੀਜੇ ਪੜਾਅ ਦੇ ਫ਼ੈਮਿਨਿਜ਼ਮ ਦੀ ਸ਼ੁਰੂਆਤ, ਦੂਜੇ ਪੜਾਅ ਤੋਂ ਅੱਗੋਂ ਅਤੇ ਇਸਦੇ ਵਿਰੋਧ ਵਜੋਂ ਸਾਹਮਣੇ ਆਈ। ਇਸ ਵਿਚ ਉਹਨਾਂ ਔਰਤਾਂ ਅਤੇ ਉਹਨਾਂ ਦੀਆਂ ਸਮਸਿਆਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਜੋ ਪਹਿਲਾਂ ਇਸ ਲਹਿਰ ਦਾ ਹਿੱਸਾ ਨਹੀਂ ਸਨ।
ਇਸਤ੍ਰੀ ਅਜ਼ਾਦੀ ਜਾਂ ਬਰਾਬਰੀ ਦੀ ਲਹਿਰ ਦੀ ਸ਼ੁਰੂਆਤ ਹੋਈ ਸੀ, ਤਾਂ ਇਹ ਕੁਝ ਮੁੱਦਿਆਂ ਦੇ ਚੁੱਕੇ ਜਾਣ ਅਤੇ ਉਹਨਾਂ ਦੇ ਮੰਗਾਂ ਦੇ ਮੰਗੇ ਜਾਣ ਤਕ ਹੀ ਸੀਮਤ ਸੀ। ਆਪਣੀ ਮੰਗ ਨੂੰ ਸਮਝਣਾ, ਆਪਣੀ ਸਥਿਤੀ ਦੀ ਪਛਾਣ ਜਾਂ ਸਵੈ-ਪਛਾਣ ਦਾ ਉਹ ਬਿੰਦੂ ਹੈ, ਜੋ ਤੁਹਾਨੂੰ ਉਸ ਮੰਗ ਨਾਲ ਜੁੜੇ ਹੋਰਨਾਂ ਪਹਿਲੂਆਂ ਵਲ ਵੀ ਚੇਤੰਨ ਕਰਦਾ ਹੈ। ਫ਼ੈਮੀਨਿਸਟ ਲਹਿਰ ਦਾ ਪਹਿਲਾ ਪੜਾਅ, ਜਿਥੇ ਇਸਤ੍ਰੀਆਂ ਨੂੰ ਆਪਣੀ ਸਥਿਤੀ ਜਾਂ ਉਹਨਾਂ ਨਾਲ ਕੀਤੇ ਜਾ ਰਹੇ ਅਨਿਆ ਪ੍ਰਤੀ ਜਾਗਰਿਤ ਕਰਦਾ ਹੈ, ਉਥੇ ਦੂਜਾ ਪੜਾਅ, ਉਸੇ ਚੇਤਨਤਾ ਦੇ ਪਸਾਰ ਨਾਲ ਵੱਡੇ ਅਤੇ ਮੂਲਭੂਤ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਹੈ। ਚੇਤਨਤਾ ਦਾ ਅਮਲ, ਉਹ ਸਾਰਾ ਵਰਤਾਰਾ ਹੈ, ਜਿਸ ਵਿਚ ਇਸਤ੍ਰੀਆਂ ਦੀ ਸਿਖਿਆ, ਉਹਨਾਂ ਨੂੰ ਆਪਣੇ ਆਪ ਬਾਰੇ ਵਿਚਾਰਾਂ ਦੀ ਪੇਸ਼ਕਾਰੀ ਕਰਨ ਅਤੇ ਵਿਚਾਰਾਂ ਨੂੰ ਵਿਹਾਰ ਵਿਚ ਅਮਲੀ ਜਾਮਾ ਪਾਉਣ ਵਾਸਤੇ ਮਦਦ ਦਿੰਦੀ ਹੈ। ਆਪਣੀ ਸਥਿਤੀ ਦੀ ਚੇਤਨਤਾ ਅਤੇ ਉਸ ਦੀ ਪਛਾਣ ਦੇ ਬਿੰਦੂ ਤੋਂ ਹੀ ਸ਼ੁਰੂਆਤ ਹੁੰਦੀ ਹੈ - ਤੀਜੇ ਪੜਾਅ ਦੀ। ਇਸ ਪੜਾਅ ਵਿਚ ਭਰਾਤਰੀ ਭਾਵ ਵਾਂਗ ਹੀ, ਸਾਰੀਆਂ ਇਸਤ੍ਰੀਆਂ ਦੀ ਸਥਿਤੀ ਇਕੋ ਜਿਹੀ ਜਾਪਦੀ ਹੈ, ਜਿਸ ਨਾਲ ਭੈਣਾਂ ਵਾਲੀ ਸਾਂਝ ਦੀ ਸਥਾਪਨਾ ਹੁੰਦੀ ਹੈ। ਹੁਣ ਲੜਾਈ ਸਿਰਫ਼ ਇਕ ਛੋਟੇ ਸਮੂਹ ਅਤੇ ਉਸਦੀਆਂ ਲੋੜਾਂ ਦੀ ਨਹੀਂ, ਬਲਕਿ ਸਮੁੱਚੇ ਸਮੂਹ ਦੇ ਰੂਪ ਵਿਚ ਦੁਨੀਆ ਦੀ ਹਰ ਇਸਤ੍ਰੀ ਦੀ ਹੋਣੀ ਦਾ ਵਿਸ਼ਾ ਬਣ ਜਾਂਦੀ ਹੈ। ਇਹ ਉਹ ਲਹਿਰ ਹੈ, ਜਿਸਨੂੰ ਇਕ ਸੇਧ ਨਾਲ ਅਪਣੇ ਨਿਸ਼ਾਨੇ 'ਤੇ ਪਹੁੰਚਣ ਲਈ, ਨਵੇਂ ਵਿਚਾਰਾਂ ਅਤੇ ਸਿਧਾਤਾਂ ਦੀ ਲੋੜ ਪੈਂਦਾ ਹੁੰਦੀ ਹੈ। ਪਰ ਇਹਨਾਂ ਸਿਧਾਤਾਂ ਨੂੰ ਬਣਾਉਣ ਤੋਂ ਪਹਿਲਾਂ ਅਤੇ ਬਾਦ ਵਿਚ ਇਹਨਾਂ ਦੇ ਵਿਸ਼ਲੇਸ਼ਣ ਲਈ ਅਧਿਅਨ ਸਿਧਾਂਤ ਨੂੰ ਅਪਣਾਏ ਜਾਣ ਦੀ ਲੋੜ ਪੈਂਦੀ ਹੈ। ਸੁਆਲ ਉੱਠਦਾ ਹੈ ਕਿ ਇਸਤ੍ਰੀ ਅਧਿਅਨ ਕਿਵੇਂ ਕੀਤਾ ਜਾਵੇ?
ਇਸਤ੍ਰੀ ਅਧਿਅਨ ਇਕ ਅੰਤਰ-ਅਨੁਸ਼ਾਸਨੀ ਅਕਾਦਮਿਕ ਵਿਚਾਰਧਾਰਾ ਹੈ, ਜਿਸ ਵਿਚ ਇਸਤ੍ਰੀਆਂ, ਫ਼ੈਮਿਨਿਜ਼ਮ, ਲਿੰਗ-ਭੇਦ ਅਤੇ ਸਿਆਸਤ ਦੀ ਗੱਲ ਕੀਤੀ ਜਾਂਦੀ ਹੈ। ਇਹ ਅਕਾਦਮਿਕ ਖੇਤਰ, ਸਿਆਸਤ, ਸਮਾਜ ਅਤੇ ਇਤਿਹਾਸ ਨੂੰ ਅੰਤਰ-ਖੇਤਰੀ, ਬਹੁ-ਸਭਿਆਚਾਰਕ ਇਸਤ੍ਰੀ ਨਜ਼ਰੀਏ ਤੋਂ ਵੇਖਦਾ ਹੈ। ਇਸ ਵਿਚ ਅਕਸਰ ਫ਼ੈਮੀਨਿਸਟ ਸਿਧਾਂਤ, ਇਸਤ੍ਰੀ ਇਤਿਹਾਸ (ਜਿਵੇਂ ਕਿ ਇਸਤ੍ਰੀ ਸਫ਼ਰੇਜ ਦਾ ਇਤਿਹਾਸ) ਅਤੇ ਸਮਾਜਕ ਇਤਿਹਾਸ, ਇਸਤ੍ਰੀ ਦੇ ਗਲਪ, ਇਸਤ੍ਰੀਆਂ ਦੇ ਸਾਹਿਤ, ਫ਼ੈਮਿਨਿਸਟ ਕਲਾ, ਫ਼ੈਮਿਨਿਸਟ ਮਨੋਵਿਸ਼ਲੇਸ਼ਣ ਅਤੇ ਸਮਾਜ ਵਿਗਿਆਨ, ਹਿਊਮੈਨਿਟੀਜ਼ ਵਿਚਲੇ ਜ਼ਿਆਦਾਤਰ ਵਿਸ਼ਿਆਂ ਦਾ ਫ਼ੈਮਿਨਿਸਟ ਅਤੇ ਲਿੰਗ ਅਧਾਰਿਤ ਅਧਿਅਨ ਸ਼ਾਮਲ ਹੁੰਦਾ ਹੈ।
ਇਸਤ੍ਰੀ ਅਧਿਅਨ ਦੀ ਪਹਿਲੀ ਸ਼ੁਰੂਆਤ, ਅਮਰੀਕਾ ਵਿਚ ਹੋਈ ਅਤੇ ਹੋਲੀ-ਹੋਲੀ, ਪੂਰੀ ਦੁਨੀਆ ਵਿਚ ਇਸਤ੍ਰੀ ਪਰਿਪੇਖ ਅਤੇ ਨ॥ਰੀਏ ਤੋਂ ਦੁਨੀਆ ਅਤੇ ਇਸਦੇ ਪਹਿਲੂਆਂ ਨੂੰ ਸਮਝਣ ਦੀ ਗੱਲ ਹੋਣ ਲਗ ਪਈ। ਇਸਤ੍ਰੀ ਅਧਿਅਨ ਦਾ ਅਹਿਮ ਪਹਿਲੂ, ਇਸ ਅਧਿਅਨ ਨੂੰ ਸਮਾਜਕ ਤਬਦੀਲੀ ਨਾਲ ਜੋੜਣਾ ਸੀ। ਇਹਨਾਂ ਕਲਾਸਾਂ ਅਤੇ ਪ੍ਰੋਗਰਾਮਾਂ ਵਿਚ ਮੁੱਖ ਤੌਰ 'ਤੇ ਤਾਕਤ ਦੇ  ਢਾਂਚੇ, ਸ਼ੋਸ਼ਣ, ਨਾ-ਬਰਾਬਰੀ ਅਤੇ ਸਮਾਜਕ ਦੁੱਖ-ਤਕਲੀਫ਼ਾਂ ਬਾਰੇ ਗੱਲ ਕੀਤੀ ਜਾਂਦੀ ਸੀ। ਇਸਤ੍ਰੀ ਅਧਿਅਨ ਦੇ ਵਿਦਿਆਰਥੀ, ਮਨੁੱਖਤਾਵਾਦੀ/ਬਹੁ-ਸਭਿਆਚਾਰਕ ਨਜ਼ਰੀਏ ਰਾਹੀਂ ਦੁਨੀਆ ਨੂੰ ਸਮਝਣ ਲੱਗ ਪਏ। ਦੁਨੀਆ ਦੇ ਉਸ ਨਿਜ਼ਾਮ 'ਤੇ ਕਿੰਤੂ ਸ਼ੁਰੂ ਹੋਇਆ, ਜਿਸ ਵਿਚ ਅਸੀਂ ਰਹਿੰਦੇ ਹਾਂ। ਇਸ ਤਰ੍ਹਾਂ, ਇਸਤ੍ਰੀ ਅਧਿਅਨ ਕਰਨ ਵਾਲਿਆਂ ਨੇ, ਨਾ ਸਿਰਫ਼ ਸਮਾਜ ਵਿਚ ਸ਼ੋਸ਼ਣ ਨੂੰ ਸਮਝਿਆ, ਬਲਕਿ ਮਤਭੇਦਾਂ ਵਿਚ ਵੀ ਆਲਮੀ ਏਕਤਾ ਦੀ ਸੰਭਾਵਨਾ ਨੂੰ ਵੇਖਿਆ।
ਇਸਤ੍ਰੀ ਸਿਧਾਂਤ ਰਾਹੀਂ, ਇਕ ਨਵੀਂ ਟੈਕਸਟ ਹੋਂਦ ਵਿਚ ਆਈ। ਇਹ ਨਵੀਂ ਟੈਕਸਟ, ਇਸਤ੍ਰੀ ਦ੍ਰਿਸ਼ਟੀਕੋਣ ਰਾਹੀਂ, ਸਦੀਆਂ ਤੋਂ ਚਲੇ ਆ ਰਹੇ ਵਿਸ਼ਿਆਂ ਨੂੰ ਇਕ ਨਵੇਂ ਰੂਪ ਵਿਚ ਵੇਖਦਿਆਂ, ਖ਼ਾਸ ਤੌਰ 'ਤੇ ਦੁਨੀਆ ਦੀ ਅੱਧੀ ਅਬਾਦੀ ਦੇ ਪਹਿਲੂ ਦੀ ਪੇਸ਼ਕਾਰੀ ਨੂੰ, ਉਸ ਵਲੋਂ ਹੀ ਪਰਿਭਾਸ਼ਿਤ ਕਰ ਰਹੀ ਸੀ। ਗਿਆਨ ਦੇ ਇਤਿਹਾਸ ਵਿਚ ਜਾਣੇ-ਪਛਾਣੇ ਵਿਸ਼ਿਆਂ, ਇਤਿਹਾਸ, ਭੂਗੋਲ, ਕਲਾ-ਇਤਿਹਾਸ, ਦਰਸ਼ਨ, ਮਨੋਵਿਸ਼ਲੇਸ਼ਣ, ਸਾਹਿਤ, ਫ਼ਿਲਮ ਸਿਧਾਂਤ, ਆਰਥਿਕਤਾ, ਜਿਨਸੀ ਪਹਿਲੂਆਂ, ਕਾਨੂੰਨੀ ਪਹਿਲੂਆਂ ਲਈ ਸਥਾਪਿਤ ਪਾਠ ਨੂੰ ਚੁੱਪ-ਚਾਪ ਦਰਸ਼ਕ ਬਣ ਕੇ ਪੜ੍ਹਣ ਅਤੇ ਉਸ ਅਨੁਸਾਰ ਆਪਣੇ ਆਪ ਨੂੰ ਢਾਲਣ ਵਾਲੀ ਇਸਤ੍ਰੀ ਨੇ ਜਦੋਂ ਆਪਣੀ ਲਿਖ਼ਤ ਨਾਲ ਪੇਸ਼ਕਾਰੀ ਦੀ ਇਕ ਨਵੀਂ ਟੈਕਸਟ ਘੜੀ, ਤਾਂ ਉਸਨੂੰ ਨਾ ਸਿਰਫ਼ ਸਥਾਪਿਤ ਕਦਰਾਂ-ਕੀਮਤਾਂ ਦਾ ਸਾਹਮਣਾ ਕਰਨਾ ਪਿਆ, ਬਲਕਿ ਉਸਨੂੰ ਆਪਣੇ ਪਹਿਲੂਆਂ ਦੀ ਪੇਸ਼ਕਾਰੀ ਲਈ ਆਪਣੀਆਂ ਸਾਥੀ ਭੈਣਾਂ ਨੂੰ ਦਲੀਲਾਂ ਨਾਲ ਉਹਨਾਂ ਦੀ ਸਥਿਤੀ ਬਾਰੇ ਸਮਝਾਉਣਾ ਵੀ ਪਿਆ ਅਤੇ ਉਹ ਇਹਨਾਂ ਨੂੰ ਸਥਾਪਿਤ ਕਰਨ ਪਿਛੇ ਕੰਮ ਕਰ ਰਹੀ ਵਿਚਾਰਧਾਰਾ ਨਾਲ ਸੰਵਾਦ ਰਾਹੀਂ, ਇਸਦਾ ਪਸਾਰ ਵੀ ਕਰ ਰਹੀ ਸੀ।
ਅਮਰੀਕਨ ਸਾਹਿਤ ਆਲੋਚਕ ਅਤੇ ਫ਼ੈਮੀਨਿਸਟ ਈਲੇਨ ਸ਼ਾੱਲਟਰ ਨੇ, ਫ਼ੈਮੀਨਿਸਟ ਸਿਧਾਂਤ ਦੇ ਪੜਾਅਵਾਰ ਵਿਕਾਸ ਨੂੰ ਪਰਿਭਾਸ਼ਿਤ ਕੀਤਾ ਹੈ। ਪਹਿਲਾ ਪੜਾਅ, ''ਫ਼ੈਮੀਨਿਸਟ ਆਲੋਚਕ'' ਹੈ; ਜਿਸ ਵਿਚ ਇਸਤ੍ਰੀ ਪਾਠਕ, ਸਾਹਿਤਕ ਵਰਤਾਰੇ ਵਿਚ ਲੁਕੀਆਂ ਵਿਚਾਰਧਾਰਾਵਾਂ ਦਾ ਮੁਆਇਨਾ ਕਰਦੀ ਹੈ। ਦੂਜੇ ਪੜਾਅ ਨੂੰ ਸ਼ਾੱਲਟਰ, 'ਗਾਈਨੋ ਆਲੋਚਨਾ' ਕਹਿੰਦੀ ਹੈ; ਜਿਸ ਵਿਚ ''ਇਸਤ੍ਰੀ, ਪਾਠਗਤ ਅਰਥ ਨੂੰ ਸਾਹਮਣੇ ਲਿਆਉਂਦੀ ਹੈ''; ਜਿਸ ਵਿਚ ਇਸਤ੍ਰੀ, ਰਚਨਾਤਮਕਤਾ ਦੀ ਮਾਨਸਿਕਤਾ, ਇਸਦੀ ਗਤੀਸ਼ੀਲਤਾ; ਭਾਸ਼ਾ ਵਿਗਿਆਨ ਅਤੇ ਇਸਤ੍ਰੀ ਭਾਸ਼ਾ ਦੀ ਸਮਸਿਆ; ਵਿਅਕਤੀਗਤ ਅਤੇ ਸਮੂਹਕ ਇਸਤ੍ਰੀ ਸਾਹਿਤਕ ਕੈਰੀਅਰ ਅਤੇ ਸਾਹਿਤਕ ਇਤਿਹਾਸ ਦਾ ਪਰਿਪੇਖ ਸ਼ਾਮਿਲ ਹੈ। ਆਖ਼ਰੀ ਪੜਾਅ ਨੂੰ ਉਹ, ''ਲਿੰਗ ਸਿਧਾਂਤ'' ਕਹਿੰਦੀ ਹੈ, ਜਿਸ ਵਿਚ ਸੈਕਸ/ਲਿੰਗ ਸਿਲਸਿਲੇ ਦੀ ਵਿਚਾਰਧਾਰਕ ਛਾਪ ਅਤੇ ਸਾਹਿਤਕ ਅਸਰਾਂ ਬਾਰੇ ਪਤਾ ਲਾਇਆ ਜਾਂਦਾ ਹੈ।
ਫ਼ੈਮਿਨਿਸਟ ਸਿਧਾਂਤ ਅਤੇ ਨਵੀਂ ਟੈਕਸਟ ਨੇ ਹਰ ਵਿਸ਼ੇ ਦੇ ਨਾਲ-ਨਾਲ ਸਾਹਿਤ ਦੀ ਪੜਚੋਲ ਲਈ ਵੀ ਇਸਤ੍ਰੀ ਦ੍ਰਿਸ਼ਟੀਕੋਣ ਦੀ ਵਿਧੀ ਨੂੰ ਆਪਣਾ ਅਧਾਰ ਬਣਾਇਆ। ਇਕ ਫ਼ੈਮੀਨਿਸਟ ਸਾਹਿਤਕ ਆਲੋਚਕ, ਰਚਨਾ ਦੇ ਅਧਿਅਨ ਸਮੇਂ, ਰਿਵਾਇਤੀ ਵਿਚਾਰਧਾਰਾਵਾਂ/ਮਨੌਤਾਂ ਤੋਂ ਬਚਦਾ ਹੈ। ਉਹਨਾਂ ਵਿਚਾਰਧਾਰਾਵਾਂ/ਮਨੌਤਾਂ, ਜਿਹਨਾਂ ਨੂੰ ਸਰਬ-ਭੌਮਿਕ ਸਮਝਿਆ ਜਾਂਦਾ ਸੀ, ਨੂੰ ਵੰਗਾਰਣ ਦੇ ਨਾਲ-ਨਾਲ, ਸਾਹਿਤ ਵਿਚ ਇਸਤ੍ਰੀਆਂ ਦੀ ਜਾਣਕਾਰੀ ਅਤੇ ਇਸਤ੍ਰੀਆਂ ਦੇ ਅਨੁਭਵਾਂ ਨੂੰ ਸ਼ਾਮਿਲ ਕਰਦੀ ਹੈ, ਜਿਸ ਨਾਲ ਇਸਤ੍ਰੀ ਦ੍ਰਿਸ਼ਟੀਕੋਣ, ਇਸਤ੍ਰੀ ਸਿਧਾਂਤ ਅਤੇ/ਜਾਂ ਇਸਤ੍ਰੀ ਨਜ਼ਰੀਏ ਤੋਂ ਸਾਹਿਤਕ ਵਿਸ਼ਲੇਸ਼ਣ ਕਾਰਣ ਫ਼ੈਮੀਨਿਸਟ ਸਾਹਿਤਕ ਆਲੋਚਨਾ ਹੋਂਦ ਵਿਚ ਆਈ। ਫ਼ੈਮੀਨਿਸਟ ਸਾਹਿਤਕ ਆਲੋਚਨਾ ਵਿਚ, ਇਸਤ੍ਰੀ ਕਿਰਦਾਰਾਂ ਨਾਲ ਆਪਣੀ ਸ਼ਨਾਖ਼ਤ ਨੂੰ ਜੋੜਣਾ ਅਤੇ ਸਾਹਿਤ ਤੇ ਉਹ ਦੁਨੀਆ, ਜਿਸ ਵਿਚ ਇਸ ਸਾਹਿਤ ਨੂੰ ਪੜ੍ਹਿਆ ਜਾਂਦਾ ਹੈ, ਦਾ ਮੁੜ-ਮੁਲਾਂਕਣ ਕੀਤਾ ਜਾਂਦਾ ਹੈ ਅਤੇ ਇਸ ਨਾਲ ਸੁਆਲ ਪੈਦਾ ਹੋਏ ਕਿ ਸਾਹਿਤ ਨੂੰ ਇਸਤ੍ਰੀ ਅਤੇ ਮਰਦ ਵਿਚ ਕਿਉਂ ਵੰਡਿਆ ਜਾਵੇ? ਕੀ ਸੱਚਮੁੱਚ ਹੀ ਮਰਦ ਅਤੇ ਇਸਤ੍ਰੀ ਲੇਖਣੀ ਵਿਚ ਫ਼ਰਕ ਹੈ? ਲੇਖਣੀ ਵਿਚਲਾ ਇਹ ਫ਼ਰਕ ਕੀ ਹੈ? ਕੀ ਇਸਤ੍ਰੀ ਲੇਖਣੀ ਜਿਵੇਂ ਕਿ ਇਸਤ੍ਰੀਆਂ ਦੇ ਸਢ ਤੋਂ ਵੱਡੇ ਅਤੇ ਪਹਿਲੇ ਹਿਮਾਇਤੀ ਜਾੱਨ ਸਟੂਅਰਟ ਮਿਲ ਨੇ ਆਪਣੀ ਕਿਤਾਬ 'ਦਿ ਸਬਜੈਕਸ਼ਨ ਆੱਫ਼ ਵੂਮਨ' ਵਿਚ ਕਿਹਾ ਸੀ, ਮਰਦ ਲੇਖਣੀ ਨਾਲੋਂ ਭਿੰਨ ਹੋ ਸਕਦੀ ਹੈ? ਇਹਨਾਂ ਸੁਆਲਾਂ ਨੂੰ ਲੱਭਣਾ ਹੀ ਫ਼ੈਮੀਨਿਸਟ ਆਲੋਚਨਾ ਦਾ ਮਕਸਦ ਹੈ।

Friday, September 3, 2010

ਸਾਹਿਬਾਂ

ਸਾਹਿਬਾਂ, ਪੰਜਾਬੀ ਸਾਹਿਤ ਦਾ ਉਹ ਕਿਰਦਾਰ ਹੈ, ਜੋ ਹਰ ਪੱਖੋਂ, ਹਰ ਯੁੱਗ ਦੀ ਔਰਤ ਦੇ ਜੀਵਨ ਦੀ ਹੋਣੀ ਦੀ ਮੂੰਹ ਬੋਲਦੀ ਤਸਵੀਰ ਨੂੰ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੀਆਂ ਸਾਰੀਆਂ ਪ੍ਰੇਮ-ਜੋਡ਼ੀਆਂ ਵਿਚੋਂ ਇਸਦੀ ਵਿਲੱਖਣਤਾ, ਇਸਦੇ ਖ਼ੂਨ (ਭਰਾ/ਪੇਕੇ) ਅਤੇ ਪ੍ਰੇਮ (ਹੋਣ ਵਾਲੇ ਪਤੀ/ਪਤੀ/ਸਹੁਰੇ ਘਰ) ਰਿਸ਼ਤੇ ਵਿਚਲੇ ਦਵੰਦ ਕਰਕੇ ਹੈ।


ਹਰ ਔਰਤ, ਸਾਰੀ ਉਮਰ ਪੇਕੇ ਅਤੇ ਸਹੁਰੇ ਘਰ ਦੀ ਰੱਸਾਕਸ਼ੀ ਵਿਚ ਰਿਡ਼ਕੀ ਜਾਂਦੀ ਹੈ।

ਇਸੇ ਕਰਕੇ, ਸਾਨੂੰ ਇਸਤ੍ਰੀ ਲੇਖਣੀ ਨੂੰ ਜ਼ੁਬਾਨ ਦੇਣ ਲਈ, ਸਾਹਿਬਾਂ ਦੇ ਨਾਂ ਦੀ ਚੋਣ ਸਭ ਤੋਂ ਵੱਧ ਸਹੀ ਲੱਗੀ।
 
ਬਹੁਤ ਮਾੜੀ ਸੀ ਕਿਸਮਤ ਸਾਹਿਬਾਂ ਦੀ, ਕੁਝ ਮਿਰਜ਼ਾ ਵੀ ਹੰਕਾਰਿਆ ਸੀ


ਆਦਮੀ ਜਦ ਵੀ ਜਿੱਤਦਾ ਹੈ, ਉਦੋਂ ਬਹੁਤ ਹੀ ਜਿੱਦਦਾ ਹੈ

ਘਰ ਪਹੁੰਚ ਕੇ ਜੇ ਸਾਹ ਲੈਂਦਾ, ਉਦੋਂ ਕਹਾਣੀ ਹੋਰ ਹੁੰਦੀ

ਅੱਖੋ ਓਹਲੇ ਭਰਾਵਾਂ ਲਈ ਸਾਹਿਬਾਂ ਨਾ ਮਜਬੂਰ ਹੁੰਦੀ....