Pages

Friday, December 16, 2011

ਪਿਤਾ-ਪੁਰਖੀ ਸਮਾਜ ਅਤੇ ਲਿੰਗ-ਭੇਦ

ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਇਸਤ੍ਰੀ ਅਤੇ ਮਰਦ, ਦੋਵਾਂ ਨੂੰ ਵਖੋ-ਵੱਖਰੇ ਦ੍ਰਿਸ਼ਟੀਕੋਣਾਂ ਨਾਲ ਆਪਣੇ ਆਪ ਅਤੇ ਇਸ ਦੁਨੀਆ ਨੂੰ ਸਮਝਣ ਦੀ ਲਕੀਰੀ ਰੂਪ-ਰੇਖਾ ਪ੍ਰਦਾਨ ਕਰਦਾ ਹੈ। ਰਿਵਾਇਤੀ ਤੌਰ 'ਤੇ ਵਖਰੇਵੇਂ ਦੀ ਇਸ ਲਕੀਰ ਦਾ ਅਧਾਰ, ਜਿਸਮਾਨੀ ਬਣਤਰ ਨੂੰ ਬਣਾਇਆ ਜਾਂਦਾ ਰਿਹਾ ਹੈ, ਜੋ ਕਿ ਜੀਵ-ਵਿਗਿਆਨਕ ਅਧਾਰ 'ਤੇ ਨਿਸ਼ਚਿਤ ਹੁੰਦੀ ਹੈ, ਇਹ ਬਣਤਰ ਸਰਬ-ਭੌਮਿਕ ਅਤੇ ਜਨਮ ਕਰਕੇ ਹੈ ਅਤੇ ਇਸੇ ਲਈ ਇਸ ਵਿਚ ਕੋਈ ਤਬਦੀਲੀ ਵੀ ਨਹੀਂ ਕੀਤੀ ਜਾ ਸਕਦੀ। ਫ਼ੈਮਿਨਿਸਟ ਚਿੰਤਕ ਹੇਵੁੱਡ, ਪਿਤਾ-ਪੁਰਖੀ ਸਮਾਜਕ ਵਿਚਾਰਧਾਰਾ, ਮਰਦ ਅਤੇ ਔਰਤ ਵਿਚਕਾਰ ਹਰ ਤਰ੍ਹਾਂ ਦੇ ਸਮਾਜਕ-ਆਰਥਕ ਅਤੇ ਸਿਆਸੀ ਵਖਰੇਵੇਂ ਨੂੰ, ਉਹਨਾਂ ਦੀ ਸਰੀਰਕ ਬਣਤਰ ਜਾਂ ਜੀਵ-ਵਿਗਿਆਨਕ ਨਰ/ਮਾਦਾ ਸਰੀਰ ਨਾਲ ਜੋੜਦੀ ਹੈ ਅਤੇ ਇਸ ਤਰ੍ਹਾਂ ਉਹਨਾਂ ਦੇ ਸਰੀਰਕ ਲਿੰਗ ਅਤੇ ਸਮਾਜਕ ਤੌਰ 'ਤੇ ਉਸਾਰੇ ਗਏ ਲਿੰਗ-ਵਖਰੇਵੇਂ ਵਿਚਲੇ ਅੰਤਰ ਨੂੰ ਮੇਟ ਦਿੰਦੀ ਹੈ। (ਅੰਗ੍ਰੇਜ਼ੀ ਵਿਚ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸੈਕਸ' ਅਤੇ 'ਜੈਂਡਰ' ਦੋ ਸ਼ਬਦ ਹਨ, ਪਰ ਪੰਜਾਬੀ ਵਿਚ ਇਹਨਾਂ ਦੋਵਾਂ ਸਥਿਤੀਆਂ ਦੀ ਪੇਸ਼ਕਾਰੀ ਲਈ ਇਕੋ ਸ਼ਬਦ 'ਲਿੰਗ' ਸਾਹਮਣੇ ਆਉਂਦਾ ਹੈ, ਇਸ ਲਈ ਇਸ ਵਖਰੇਵੇਂ ਦੀ ਪੇਸ਼ਕਾਰੀ ਲਈ 'ਸਰੀਰਕ ਲਿੰਗ' ਅਤੇ 'ਸਮਾਜਕ ਤੌਰ 'ਤੇ ਉਸਾਰੇ ਲਿੰਗ' ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ)।

ਇਸਤ੍ਰੀ ਵਿਚਾਰਧਾਰਾ ਦੇ ਪ੍ਰਸਿੱਧ ਚਿੰਤਕਾਂ, ਕੇਟ ਮਿਲੈਟ ਨੇ ਸੈਕਸੁਅਲ ਪਾੱਲੀਟਿਕਸ ਵਿਚ ਅਤੇ ਜਰਮੈਨ ਗ੍ਰੀਅਰ ਨੇ ਫ਼ੀਮੇਲ ਈਨੰਚ (Enunch), ਸੀਮਨ ਦਿ ਬੂਆ ਨੇ ਦਿ ਸੈਕੰਡ ਸੈਕਸ ਵਿਚ ਅਤੇ ਈਵਾ ਨਿਗਮ ਨੇ ਪੈਟ੍ਰੀਆਕਲ ਐਟੀਟਿਊਡ ਵਿਚ ਇਸਤ੍ਰੀਆਂ ਨੂੰ ਦਬਾਉਣ ਦੇ ਵਿਅਕਤੀਗਤ, ਮਨੋਵਿਗਿਆਨਕ ਅਤੇ ਜਿਨਸੀ ਪਹਿਲੂਆਂ ਵੱਲ ਧਿਆਨ ਦਵਾਇਆ। 'ਸਮਾਜ ਵਿਚਲੀਆਂ ਸਭਿਆਚਾਰਕ, ਦਾਰਸ਼ਨਿਕ, ਨੈਤਿਕ ਅਤੇ ਧਾਰਮਕ ਕaਦਰਾਂ-ਕੀਮਤਾਂ ਵਿਚ ਰਚੇ-ਬਸੇ ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਕਰਕੇ ਹੀ ਇਸਤ੍ਰੀਆਂ, ਆਦਤਨ ਹੀ ਸ਼ਹਿਣਸ਼ੀਲਤਾ ਅਤੇ ਹਲੀਮੀ ਵਾਲਾ ਰੋਲ ਨਿਭਾਉਂਦੀਆਂ ਹਨ, ਜਿਸ ਨਾਲ ਉਹਨਾਂ ਦੇ ਅੰਦਰ ਦੀ, ਉਹਨਾਂ ਦੀ ਸਰੀਰਕ ਭੁੱਖ ਦੇ ਨਾਲ ਨਾਲ ਉਹਨਾਂ ਦੀ ਸ਼ਖ਼ਸੀਅਤ ਦੇ ਵਧੇਰੇ ਸਰਗਰਮ ਅਤੇ ਜੁਰਅੱਤ ਭਰੇ ਪਹਿਲੂਆਂ ਨੂੰ ਦਬਾਇਆ ਜਾਂਦਾ ਹੈ।
 
ਪਿਤਾ-ਪੁਰਖੀ ਜਾਂ ਮਰਦ-ਪ੍ਰਧਾਨ ਸਮਾਜ, ਸਮਾਜਕ ਤੌਰ 'ਤੇ ਉਸਾਰੇ ਲਿੰਗ-ਭੇਦ ਵਿਚ ਮਨੁੱਖ ਦੇ ਸਿਰਫ਼ ਦੋ ਰੂਪਾਂ, ਇਸਤ੍ਰੀ ਅਤੇ ਮਰਦ ਨੂੰ ਹੀ ਪਛਾਣਦਾ ਹੈ ਅਤੇ ਉਹਨਾਂ ਲਈ ਹੀ ਨੇਮਾਂ ਨੂੰ ਘੜਿਆ ਗਿਆ ਹੈ। ਇਹਨਾਂ ਹੇਠ ਇਸਤ੍ਰੀ ਅਤੇ ਮਰਦ, ਦੋਵਾਂ ਲਈ ਦਾਇਰੇ ਮਿਥੇ ਗਏ ਹਨ, ਅਤੇ ਜਿਹੜਾ ਇਹਨਾਂ ਦੋਵਾਂ ਦਾਇਰਿਆਂ ਅਤੇ ਦੋਵਾਂ ਲਈ ਮਿਥੇ ਗਏ ਦਾਇਰਿਆਂ ਤੋਂ ਬਾਹਰ ਹੈ, ਉਹ ਸਮਾਜ ਤੋਂ ਵੀ ਬਾਹਰ ਹੈ। ਇਸਤ੍ਰੀ ਅਤੇ ਮਰਦ ਲਈ ਮਿਥੇ ਗਏ ਦਾਇਰਿਆਂ ਵਿਚ ਇਸਤ੍ਰੀ ਅਤੇ ਮਰਦ ਦੇ ਗੁਣਾਂ-ਲੱਛਣਾਂ ਨੂੰ ਵਿਰੋਧ-ਜੁੱਟਾਂ ਰਾਹੀਂ ਸਥਾਪਿਤ ਕੀਤਾ ਗਿਆ ਹੈ। ਰਿਵਾਇਤੀ ਤੌਰ 'ਤੇ ਮਰਦ - ਸੁਤੰਤਰ, ਤਾਕਤਵਰ, ਮੁਕੰਮਲ, ਤਰਕ ਤੋਂ ਕੰਮ ਲੈਣ ਵਾਲਾ, ਫ਼ੈਸਲੇ ਕਰਨ ਵਾਲਾ, ਕਮਾਊ, ਲੀਡਰ, ਸਾਹਸੀ, ਲੜਾਕਾ, ਨਿਰੰਤਰ ਇਕੋ ਜਿਹਾ ਰਹਿਣ ਵਾਲਾ ਅਤੇ ਰੱਖਿਅਕ ਹੈ, ਜਦਕਿ ਉਸਦੇ ਮੁਕਾਬਲੇ ਵਿਚ ਇਸਤ੍ਰੀ - ਆਸਰਿਤ, ਕਮਜ਼ੋਰ, ਅਧੂਰੀ, ਭਾਵੁਕ, ਫ਼ੈਸਲਿਆਂ 'ਤੇ ਅਮਲ ਕਰਨ ਵਾਲੀ, ਘਰ ਦਾ ਖ਼ਿਆਲ ਰੱਖਣ ਵਾਲੀ, ਸਹਾਇਕ ਜਾਂ ਹਿਮਾਇਤੀ, ਡਰਪੋਕ, ਅਮਨਪਸੰਦ, ਪਲ-ਛਿਣ ਬਦਲਣ ਵਾਲੀ ਅਤੇ ਨਾਜ਼ੁਕ ਹੈ। ਇਸਤ੍ਰੀ ਅਤੇ ਮਰਦ ਦੇ ਇਹ ਗੁਣ-ਲੱਛਣ, ਸਾਡੀ ਜੀਵਨ-ਜਾਚ ਵਿਚ ਇਕ ਆਮ ਜਿਹੀ ਗੱਲ ਲਗਦੇ ਹਨ, ਜਿਸਦੇ ਕਿ ਅਸੀਂ ਆਦੀ ਹੋ ਚੁੱਕੇ ਹਾਂ। ਇਹ ਹਾਲਾਤ, ਵੱਖ-ਵੱਖ ਸਭਿਆਚਾਰਾਂ ਵਿਚ ਲਗਭਗ ਇਕੋ ਜਿਹੇ ਹਨ ਅਤੇ ਇਸ ਦੀਆਂ ਜੜ੍ਹਾਂ ਮਨੁੱਖ ਜਾਤੀ ਦੇ ਸਭਿਆਚਾਰ ਵਿਚ ਕਿਤੇ ਡੂੰਘੇ ਤਕ ਫੈਲੀਆਂ ਹੋਈਆਂ ਹਨ।


ਦਰਅਸਲ ਪਿਤਾ-ਪੁਰਖੀ ਸਮਾਜ, ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੈ, ਇਕ ਅਜਿਹਾ ਸਮਾਜਕ ਸਿਲਸਿਲਾ ਹੈ, ਜਿਸ ਵਿਚ ਮਰਦ ਦੀ ਮੁੱਖ ਹਾਕਮ ਵਜੋਂ ਭੂਮਿਕਾ, ਸਮਾਜਕ ਸਿਲਸਿਲੇ ਦਾ ਕੇਂਦਰ ਹੈ ਅਤੇ ਜਿਸ ਵਿਚ ਪਿਤਾ ਨੂੰ ਇਸਤ੍ਰੀਆਂ, ਬੱਚਿਆਂ ਅਤੇ ਜਾਇਦਾਦ 'ਤੇ ਹੱਕ ਹੁੰਦਾ ਹੈ। ਇਹ ਮਰਦ ਦੀ ਸੱਤਾ ਅਤੇ ਮਰਦ ਲਈ ਸਹੂਲਤਾਂ ਵਾਲੇ ਨਿਜ਼ਾਮ ਦੀ ਗੱਲ ਕਰਦਾ ਹੈ ਅਤੇ ਇਸ ਵਿਚ ਇਸਤ੍ਰੀ ਦੀ ਅਧੀਨਗੀ ਸ਼ਾਮਲ ਹੈ। ਫ਼ੈਮਿਨਿਸਟ ਅਤੇ ਸਿਆਸੀ ਚਿੰਤਕ ਕੈਰਲ ਪੇਟਮੈਨ ਲਿਖਦੀ ਹੈ, ''ਪਿਤਾ-ਪੁਰਖੀ ਨਿਜ਼ਾਮ ਵਿਚ ਮਰਦਾਂ ਅਤੇ ਇਸਤ੍ਰੀਆਂ ਦੇ ਗੁਣਾਂ-ਲੱਛਣਾਂ ਵਿਚਕਾਰ ਕੀਤਾ ਗਿਆ ਵਖਰੇਵਾਂ, ਦਰਅਸਲ, ਸੁਤੰਤਰਤਾ ਅਤੇ ਅਧੀਨਗੀ ਵਾਲਾ ਸਿਆਸੀ ਵਖਰੇਵਾਂ ਹੈ।'' ਇਸ ਰਾਹੀਂ ਮਰਦ, ਇਸਤ੍ਰੀ ਦੇ ਤਨ-ਮਨ ਅਤੇ ਧੰਨ 'ਤੇ ਕੰਟਰੋਲ ਕਰਦਾ ਹੈ। ਉਹ ਇਸਤ੍ਰੀ ਦੇ ਕੰਮ-ਕਾਰ, ਉਸਦੀ ਕਿਰਤ, ਉਸਦੇ ਕਿਤੇ ਆਉਣ-ਜਾਣ, ਉਹ ਕਿਸ ਨਾਲ ਗੱਲ ਕਰੇ, ਕਿਸ ਨਾਲ ਨਾ ਕਰੇ, ਉਸਦੀ ਸਰੀਰਕ-ਭੁੱਖ, ਮਾਂ-ਬਣਨ ਜਾਂ ਨਾਂਹ ਬਣਨ ਦੀ ਇੱਛਾ, ਪਰਿਵਾਰ ਦੀ ਯੋਜਨਾਬੰਦੀ, ਉਸਦੀ ਆਰਥਕ ਹਾਲਤ, ਵਸੀਲਿਆਂ ਅਤੇ ਜਾਇਦਾਦ 'ਤੇ ਪੂਰੀ ਤਰ੍ਹਾਂ ਕੰਟਰੋਲ ਰੱਖਦਾ ਹੈ। ਇਸੇ ਰਿਵਾਇਤੀ ਕੰਟਰੋਲ ਅਤੇ ਰੜ੍ਹੀਬੱਧ ਸੱਚੇ ਕਾਰਣ ਇਸਤ੍ਰੀਆਂ ਦੀ ਹਾਲਤ ਅਪਮਾਨਜਨਕ ਹੈ ਅਤੇ ਉਹ ਹਿੰਸਾ ਅਤੇ ਕਈ ਤਰ੍ਹਾਂ ਦੇ ਪੱਖਪਾਤਾਂ ਅਤੇ ਅਨਿਆਂ ਦਾ ਸ਼ਿਕਾਰ ਹੁੰਦੀਆਂ ਹਨ। ਇਸਤ੍ਰੀਆਂ ਨੂੰ ਵਾਂਝਿਆਂ ਰੱਖਣ ਅਤੇ ਉਹਨਾਂ ਵਿਰੁਧ ਹਿੰਸਾ ਦੇ ਸੋਚੇ-ਸਮਝੇ ਤਰੀਕੇ ਹਨ: ਬਲਾਤਕਾਰ, ਜਿਨਸੀ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨਾ, ਸਰੀਰਕ ਸ਼ੋਸ਼ਣ, ਮਾਦਾ-ਭਰੂਣ ਨੂੰ ਮਾਰਨਾ, ਬਾਲ-ਹਤਿਆ, ਚੁੜੈਲਾਂ ਕਹਿਕੇ ਮਾਰਨਾ, ਸਤੀ-ਪ੍ਰਥਾ, ਦਾਜ ਕਾਰਣ ਕੁੜੀਆਂ ਦੀ ਬਲੀ, ਪਤਨੀ ਦੀ ਮਾਰ-ਕੁੱਟ, ਇਸਤ੍ਰੀਆਂ ਵਿਚ ਅਨਪੜ੍ਹਤਾ, ਖ਼ੁਰਾਕ ਦੀ ਕਮੀ, ਲੋੜ ਤੋਂ ਘੱਟ ਖਾਣ ਨੂੰ ਮਿਲਣਾ ਅਤੇ ਅਸੁਰੱਖਿਆ ਦੀ ਉਹ ਭਾਵਨਾ, ਜੋ ਔਰਤ ਨੂੰ ਘਰ ਵਿਚ ਹੀ ਕੈਦ, ਆਰਥਕ ਤੌਰ 'ਤੇ ਸ਼ੋਸ਼ਿਤ, ਸਮਾਜਕ ਤੌਰ 'ਤੇ ਨਪੀੜੀ ਰਖਦੀ ਹੈ ਅਤੇ ਆਪਣੀ ਹਾਲਤ ਪ੍ਰਤੀ ਸਿਆਸੀ ਤੌਰ 'ਤੇ ਸਰਗਰਮ ਨਹੀ ਹੋਣ ਦਿੰਦੀ।

ਪਿਤਾ-ਪੁਰਖੀ ਸਮਾਜ ਦੇ ਅਸਰ ਹੇਠ ਸਮਾਜ ਨੂੰ ਮਰਦ ਦੀਆਂ ਲੋੜਾਂ ਅਨੁਸਾਰ ਘੜਿਆ ਗਿਆ ਹੈ। ਅੱਜ ਜਦਕਿ ਇਸਤ੍ਰੀ, ਮਰਦ ਨਾਲ ਮੋਢੇ ਨਾਲ ਮੋਢਾ ਜੋੜਕੇ ਤੁਰਦੀ ਨਜ਼ਰ ਆ ਰਹੀ ਹੈ, ਤਾਂ ਵੀ ਉਸਨੂੰ, ਮਰਦਾਂ ਨਾਲ ਮੁਕਾਬਲਾ ਕਰਦਿਆਂ, ਰਿਵਾਇਤੀ ਭੂਮਿਕਾ ਨਾਲ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਇਸ ਰਾਹੀਂ, ਇਸਤ੍ਰੀਆਂ ਨੂੰ ਜੀਵਨ ਦੇ ਹਰ ਪਹਿਲੂ, ਭਾਵੇਂ ਉਹ ਪਰਿਵਾਰ ਹੈ ਜਾਂ ਸਮਾਜਕ ਸਬੰਧ, ਧਰਮ ਹੈ ਜਾਂ ਕਾਨੂੰਨ, ਸਕੂਲ, ਮੀਡੀਆ, ਦਫ਼ਤਰਾਂ ਆਦਿ ਵਿਚ ਮਰਦਾਂ ਤੋਂ ਛੁੱਟਿਆ ਕੇ ਵਿਖਾਇਆ ਜਾਂਦਾ ਹੈ। ਇਥੇ ਇਹ ਗੱਲ ਵੀ ਸਥਾਪਿਤ ਹੋ ਜਾਂਦੀ ਹੈ ਕਿ ਮਰਦ-ਪ੍ਰਧਾਨ ਸਮਾਜ, ਮਨੁੱਖੀ ਵਰਤਾਰਾ ਹੈ ਅਤੇ ਇਸਨੂੰ ਇਤਿਹਾਸਕ ਤੌਰ 'ਤੇ ਸਮਾਜ ਵਿਚ ਸਮਾਜਕ-ਆਰਥਕ ਅਤੇ ਸਿਆਸੀ ਅਮਲਾਂ ਨਾਲ ਤਿਆਰ ਕੀਤਾ ਗਿਆ ਹੈ। 
 
ਪਰ ਮਨੋਵਿਸ਼ਲੇਸ਼ਕਾਂ ਅਨੁਸਾਰ ਪਿਤਾ-ਪੁਰਖੀ ਸਮਾਜ ਦਾ ਇਹ ਪਸਾਰ ਇਕਹਿਰਾ ਨਹੀਂ ਹੈ। ਮਰਦ ਦੇ ਗੁਣਾ-ਲੱਛਣਾਂ ਨੂੰ ਨਿਰਧਾਰਤ ਕਰਕੇ ਉਹ ਮਰਦਾਂ ਲਈ ਵੀ ਇਕ ਅਜਿਹਾ ਦਾਇਰਾ ਨਿਸ਼ਚਿਤ ਕਰ ਦਿੰਦਾ ਹੈ, ਜਿਸ ਤੋਂ ਬਾਹਰ ਜਾਣ 'ਤੇ ਉਹਨਾਂ ਨੂੰ ਅਜਨਬੀਪਨ ਦਾ ਅਹਿਸਾਸ ਕਰਨਾ ਪੈਂਦਾ ਹੈ। ਇਹ ਠੀਕ ਹੈ ਕਿ ਉਸਨੂੰ ਸਮਾਜ ਵਿਚ ਆਪਣੀ ਮਰਜ਼ੀ ਚਲਾਉਣ ਦੀ ਅਜ਼ਾਦੀ ਹੈ, ਪਰ ਸਮਾਜਕ ਬੰਦਿਸ਼ ਦੀ ਇਕ ਨਿਸ਼ਚਿਤ ਮਰਿਆਦਾ, ਉਸਦੀ ਹੱਦ ਵੀ ਤੈਅ ਕਰ ਦਿੰਦੀ ਹੈ। ਇਹ ਮਨੋਵਿਸ਼ਲੇਸ਼ਣ, ਫ਼ਰਾਇਡ ਵਲੋਂ ਈਡੀਪਸ ਦੀ ਕਹਾਣੀ ਨੂੰ ਅਧਾਰ ਬਣਾਕੇ ਪੇਸ਼ ਕੀਤੇ ਗਏ ਵੇਰਵਿਆਂ ਨਾਲ ਇਕ ਆਮ ਪਰਿਵਾਰ ਬਾਰੇ ਸਿਧਾਂਤ ਦੀ ਸੋਧ ਮਗਰੋਂ ਸਾਹਮਣੇ ਆਇਆ ਹੈ। ਸਾਹਿਤ ਨੂੰ ਲਿੰਗ ਅਨੁਸਾਰ ਪਰਿਭਾਸ਼ਤ ਕਰਨ ਲਗਿਆਂ, ਮਨੋਵਿਸ਼ਲੇਸ਼ਣ ਦਾ ਇਹ ਸਿਧਾਂਤ ਕਾਫ਼ੀ ਅਹਿਮ ਹੋ ਜਾਂਦਾ ਹੈ। ਇਸ ਅਨੁਸਾਰ ਅਜਿਹੇ ਨਿਜ਼ਾਮ ਵਿਚ ਸੱਤਾ ਕਾਇਮ ਕਰਨ ਵਾਲੀਆਂ ਸਾਰੀਆਂ ਕਾਰਵਾਈਆਂ ਆਮ ਤੌਰ 'ਤੇ ਅਚੇਤ ਰੂਪ ਵਿਚ ਕੰਮ ਕਰਦੀਆਂ ਹਨ। ਇਹਨਾਂ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਇਸਤ੍ਰੀ ਨਹੀਂ ਹੈ, ਬਲਕਿ ਸਮਾਜ ਵਿਚਲੀਆਂ ਸਾਰੀਆਂ ਧਿਰਾਂ, ਇਥੋਂ ਤਕ ਕਿ ਮਰਦ ਵੀ ਸ਼ਾਮਲ ਹਨ। ਇਸ ਮਨੋਵਿਸ਼ਲੇਸ਼ਣ ਵਿਚ ਇਸਤ੍ਰੀ ਲੱਛਣ (ਜੋਕਿ ਪਿਤਾ-ਪੁਰਖੀ ਸਿਲਸਿਲੇ ਵਿਚ ਪਹਿਲਾਂ ਤੋਂ ਨਿਸ਼ਚਿਤ ਕੀਤੇ ਜਾ ਚੁੱਕੇ ਹਨ) ਵਾਲੇ ਮਰਦ ਅਤੇ ਲਿੰਗ ਦੇ ਪਰਿਭਾਸ਼ਤ ਖਾਨਿਆਂ ਤੋਂ ਬਾਹਰ ਰੱਖੇ ਗਏ ਖੁਸਰੇ, ਲਿੰਗ ਤਬਦੀਲ ਕਰਕੇ ਇਸਤ੍ਰੀ ਤੋਂ ਮਰਦ ਬਣੇ ਜਾਂ ਮਰਦ ਤੋਂ ਇਸਤ੍ਰੀ ਬਣੇ ਮਨੁੱਖ ਵੀ ਸ਼ਾਮਲ ਹੋ ਸਕਦੇ ਹਨ।

ਕੰਕਰੀਟ ਵਿਚ ਜੜੀ ਗਈ ਲੜਕੀ - ਜੁਨਕੋ ਫੁਰੂਤਾ

ਸਾਲ 1988-89 ਵਿਚ ਜਪਾਨ ਦੇ ਸ਼ਹਿਰ ਟੋਕੀਓ ਵਿਚ ਇਕ ਦਿਲ-ਦਹਿਲਾਉਣ ਵਾਲੀ ਘਟਨਾ ਵਿਚ ਜੁਨਕੋ ਫੁਰੂਤਾ ਨਾਂ ਦੀ ਹਾਈ ਸਕੂਲ ਵਿਚ ਪੜ੍ਹਣ ਵਾਲੀ, ਇਕ 16 ਸਾਲ ਦੀ ਲੜਕੀ ਦੀ ਲਾਸ਼ ਸੀਮੈਂਟ ਵਿਚ ਜੜੀ ਮਿਲੀ।

25 ਨਵੰਬਰ 1988 ਨੂੰ, 17 ਸਾਲਾ ਜੋ ਕਾਮਿਸਾਕੂ ਸਮੇਤ ਪੰਜ ਮੁੰਡਿਆਂ ਨੇ ਮਿਸਾਤੋ, ਸੈਤਾਮਾ ਪ੍ਰੀਫੈਕਚਰ ਤੋਂ 11ਵੀ ਵਿਚ ਪੜ੍ਹਣ ਵਾਲੀ ਫਰੂਤਮਾ ਨੂੰ ਅਗਵਾ ਕਰਕੇ ਜਬਰਨ 44 ਦਿਨ ਕੈਦ ਵਿਚ ਰਖਿਆ। ਉਹਨਾਂ ਨੇ, ਉਸਨੂੰ ਅਦਾਚੀ ਟੋਕੀਓ ਦੇ ਰਿਹਾਇਸ਼ੀ ਜ਼ਿਲ੍ਹੇ ਵਿਚ ਆਪਣੇ ਮਾਤਾ-ਪਿਤਾ ਦੇ ਘਰ ਵਿਚ ਹੀ ਕੈਦ ਰਖਿਆ। 

'ਉਸਨੂੰ ਕੋਈ ਲੱਭੇ ਨਾ', ਇਸ ਲਈ ਇਹਨਾਂ ਮੁੰਡਿਆਂ ਨੇ ਫੁਰੂਤਾ ਨੂੰ ਆਪਣੇ ਮਾਂ-ਪਿਓ ਨੂੰ ਫ਼ੋਨ ਕਰਕੇ ਇਹ ਕਹਿਣ ਲਈ ਮਜਬੂਰ ਕੀਤਾ ਕਿ ਉਹ ਘਰੋਂ ਭੱਜ ਗਈ ਹੈ ਅਤੇ ਆਪਣੇ ਦੋਸਤ ਨਾਲ ਹੈ ਅਤੇ ਉਸਨੂੰ ਖ਼ਤਰਾ ਨਹੀਂ ਹੈ। ਫੁਰੂਤਾ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ। 

ਆਪਣੇ ਮੁਕੱਦਮੇ ਦੌਰਾਨ ਆਪਣੇ ਵਲੋਂ ਦਿਤੇ ਗਏ ਬਿਆਨ ਅਨੁਸਾਰ, ਉਹਨਾਂ ਚਾਰਾਂ ਨੇ ਉਸਦਾ (400 ਤੋਂ ਵੱਧ ਵਾਰ) ਬਲਾਤਕਾਰ ਕੀਤਾ, ਉਸਨੂੰ ਲੋਹੇ ਦੀਆਂ ਛੜਾਂ ਅਤੇ ਗੋਲਫ਼ ਕਲੱਬ ਨਾਲ ਮਾਰਿਆ, ਰੌਸ਼ਨੀ ਵਾਲੇ ਬਲਬ ਸਮੇਤ ਕਈ ਚੀਜ਼ਾਂ, ਉਸਦੀ ਯੋਨੀ ਵਿਚ ਵਾੜੀਆਂ, ਉਸਨੂੰ ਖਾਣ ਲਈ ਬੰਗਾਲਣਾਂ ਅਤੇ ਪੀਣ ਲਈ ਉਸਦਾ ਆਪਣਾ ਪਿਸ਼ਾਬ ਦਿਤਾ, ਉਸਦੀ ਗੁਦਾ (anus) ਵਿਚ ਪਟਾਖ਼ੇ ਜਲਾਏ, ਫੁਰੂਤਾ ਨੂੰ ਮੁੱਠ ਮਾਰਨ (masturbate) ਕਰਨ ਲਈ ਮਜਬੂਰ ਕੀਤਾ, ਪਲਾਸ (pliers) ਨਾਲ ਉਸਦੇ ਨਿੱਪਲ ਕੱਟੇ, ਉਸਦੇ ਢਿੱਡ 'ਤੇ ਡੰਬਲ (ਵਰਜਿਸ਼ ਵਾਲੇ ਮੁੱਗਦਰ) ਸੁੱਟੇ ਅਤੇ ਉਸਨੂੰ ਸਿਗਰਟਾਂ ਅਤੇ ਲਾਈਟਰਾਂ ਨਾਲ ਜਲਾਇਆ। ਇਕ ਵਾਰ ਉਸਨੂੰ ਪੁਲਿਸ ਬੁਲਾਉਣ ਦੀ ਕੋਸ਼ਿਸ਼ ਕਰਨ 'ਤੇ ਜਲਾਇਆ ਗਿਆ ਸੀ। ਇਹ ਵੀ ਦਸਿਆ ਗਿਆ ਕਿ ਕਈ ਵਾਰ ਅਤਿਆਚਾਰ ਦੀਆਂ ਪਹਿਲੀਆਂ ਕਾਰਵਾਈਆਂ ਮਗਰੋਂ ਉਹ ਪਾਣੀ ਨਹੀਂ ਪੀ ਸਕਦੀ ਸੀ, ਜਿਸ ਕਰਕੇ ਉਹ ਜਦੋਂ ਵੀ ਪਾਣੀ ਪੀਣ ਦੀ ਕੋਸ਼ਿਸ਼ ਕਰਦੀ, ਉਸਨੂੰ ਉਲਟੀ ਆ ਜਾਂਦੀ। ਇਕ ਵਾਰ ਤਾਂ ਉਸਦੀ ਹਾਲਤ ਸੱਟਾਂ ਕਾਰਣ ਇੰਨੀ ਖ਼ਰਾਬ ਹੋ ਗਈ ਕਿ ਉਸਨੂੰ ਗ਼ੁਸਲਖ਼ਾਨੇ ਦੀ ਵਰਤੋਂ ਕਰਨ ਲਈ ਘਿਸਟ-ਘਿਸਟ ਕੇ ਹੇਠਾਂ ਜਾਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਉਹਨਾਂ ਇਹ ਵੀ ਦਸਿਆ ਕਿ 'ਕੋਈ ਸੌ ਕੁ ਵੱਖ-ਵੱਖ ਲੋਕਾਂ' ਨੂੰ ਇਹ ਪਤਾ ਸੀ ਕਿ ਫੁਰੂਤਾ ਨੂੰ ਉਥੇ ਕੈਦ ਕਰਕੇ ਰਖਿਆ ਗਿਆ ਸੀ', ਪਰ ਇਹ ਸਪਸ਼ਟ ਨਹੀ ਹੋ ਸਕਿਆ ਕਿ ਉਹ, ਜਿਥੇ ਫੁਰੂਤਾ ਕੈਦ ਸੀ, ਉਥੇ ਵੱਖ-ਵੱਖ ਸਮਿਆਂ 'ਤੇ ਗਏ ਸਨ ਜਾਂ ਉਹਨਾਂ ਨੇ ਆਪ ਵੀ ਉਸਦਾ ਬਲਾਤਕਾਰ ਕੀਤਾ ਸੀ ਜਾਂ ਉਸਨੂੰ ਮਾਰਿਆ-ਕੁੱਟਿਆ ਸੀ। ਜਦੋਂ ਮੁੰਡਿਆਂ ਨੇ ਉਸਨੂੰ ਉਥੋਂ ਜਾਣ ਨਹੀਂ ਦਿਤਾ, ਤਾਂ ਫੁਰੂਤਾ ਨੇ ਕਈ ਵਾਰ, ਉਹਨਾਂ ਤੋਂ ਮੌਤ ਮੰਗੀ। 


4 ਜਨਵਰੀ 1989 ਨੂੰ ਮਾਹਜੋਂਗ ਸਾੱਲਿਟੇਅਰ ਦੇ ਨੁਕਸਾਨ ਕਾਰਣ, ਚਾਰਾਂ ਨੇ ਉਸਨੂੰ ਇਕ ਲੋਹੇ ਦੀ ਬਾਰਬੈਲ ਨਾਲ ਮਾਰਿਆ-ਕੁੱਟਿਆ, ਉਸਦੀਆਂ ਲੱਤਾਂ, ਬਾਹਵਾਂ, ਮੂੰਹ ਅਤੇ ਢਿੱਡ 'ਤੇ ਲਾਈਟਰ ਦਾ ਤਰਲ ਈਂਧਣ ਪਾਇਆ ਅਤੇ ਉਸਨੂੰ ਅੱਗ ਲਾ ਦਿਤੀ। ਉਸ ਦਿਨ ਮਗਰੋਂ ਜਿਹੇ ਉਹ ਸਦਮੇ ਨਾਲ ਮਰ ਗਈ। ਚਾਰੋਂ ਮੁੰਡਿਆਂ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨੂੰ ਇੰਨੀ  ਜ਼ਿਆਦਾ ਸੱਟ ਲੱਗੀ ਹੈ ਅਤੇ ਉਹਨਾਂ ਦਾ ਮੰਨਣਾ ਸੀ ਕਿ ਉਹ ਢੋਂਗ ਕਰ ਰਹੀ ਸੀ। 

5 ਜਨਵਰੀ 1989 ਨੂੰ ਕਾਤਲਾਂ ਨੇ ਉਸਦੀ ਲਾਸ਼ ਨੂੰ ਸੀਮੇਂਟ ਨਾਲ ਭਰੇ 55 ਗੈਲਨ ਦੇ ਡ੍ਰਮ ਵਿਚ ਛਿਪਾਇਆ ਅਤੇ ਡ੍ਰਮ ਨੂੰ ਟੋਕੀਓ ਵਿਚ ਕੋਟੋ ਵਿਚ ਇਕ ਮੁੜ ਵਰਤੋਂ ਯੋਗ ਬਣਾਈ ਗਈ ਜ਼ਮੀਨ 'ਤੇ ਛੱਡ ਦਿਤਾ। 

ਇਹਨਾਂ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਬਾਲਗ਼ਾਂ ਵਜੋਂ ਮੁੱਕਦਮਾ ਚਲਾਇਆ ਗਿਆ। ਪਹਿਲਾਂ ਪਹਿਲ ਕਾਮਿਸਾਕੂ ਨੂੰ ਅੱਠ ਸਾਲ ਲਈ ਨੌਜਵਾਨਾਂ ਦੀ ਜੇਲ੍ਹ ਵਿਚ ਭੇਜਿਆ ਗਿਆ, ਬਾਦ ਵਿਚ ਉਸਨੂੰ ਕਿਸੇ ਨੂੰ ਇਸ ਕਿੱਸੇ ਨਾਲ ਡਰਾਉਣ ਅਤੇ ਮਾਰਣ-ਕੁੱਟਣ ਲਈ ਹੋਰ ਸੱਤ ਸਾਲ ਲਈ ਸਜ਼ਾ ਦਿਤੀ ਗਈ। ਸਾਰੇ ਮੁੰਡਿਆਂ ਨੂੰ, ਸਬੂਤਾਂ ਦੀ ਘਾਟ ਅਤੇ ਸ਼ੁਕਰਾਣੂਆਂ ਅਤੇ ਜਣਨ-ਅੰਗਾਂ ਦੇ ਵਾਲਾਂ ਦੇ ਮੇਲ ਨਾ ਖਾਣ ਕਾਰਣ ਬਹੁਤ ਘੱਟ ਸਜ਼ਾ ਦਿਤੀ ਗਈ। 

ਜੁਲਾਈ 1990 ਵਿਚ ਹੇਠਲੀ ਅਦਾਲਤ ਵਲੋਂ ਦਿਤੀ ਗਈ ਸਜ਼ਾ ਦੇ ਖ਼ਿਲਾਫ਼ ਵੱਡੀ ਅਦਾਲਤ ਵਿਚ ਅਪੀਲ ਕੀਤੇ ਜਾਣ 'ਤੇ ਉਹਨਾਂ ਦੀ ਸਜ਼ਾ ਹੋਰ ਵਧਾ ਦਿਤੀ ਗਈ। ਅਦਾਲਤ ਦੇ ਜੱਜ ਨੇ ਕਿਹਾ ਕਿ ਅਦਾਲਤ ਨੇ ਇਹ ਸਜ਼ਾ, ਜੁਰਮ ਦੀ ਪ੍ਰਕਿਰਤੀ, ਪੀੜ੍ਹਤ ਕੁੜੀ ਦੇ ਪਰਿਵਾਰ 'ਤੇ ਅਸਰ ਅਤੇ ਇਸ ਜੁਰਮ ਦਾ ਸਮਾਜ 'ਤੇ ਅਸਰ ਕਾਰਣ ਵਧਾਈ ਹੈ। ਇਸ ਵਾਰ ਲੀਡਰ ਮੁੰਡੇ ਨੂੰ ਵੀਹ ਸਾਲ ਦੀ ਸਜ਼ਾ ਦਿਤੀ ਗਈ, ਜੋ ਕਿ ਉਮਰ ਕੈਦ ਤੋਂ ਬਾਦ ਸਭ ਤੋਂ ਵੱਡੀ ਸਜ਼ਾ ਹੈ। ਅਪੀਲ ਕਰਨ ਵਾਲੇ ਦੋ ਹੋਰ ਮੁੰਡਿਆਂ 'ਚੋਂ ਇਕ ਨੂੰ, ਜਿਸਨੂੰ ਪਹਿਲਾਂ 4 ਤੋਂ 6 ਸਾਲ ਦੀ ਸਜ਼ਾ ਮਿਲੀ ਸੀ, ਹੁਣ 5 ਤੋਂ 9 ਸਾਲ ਲਈ ਜੇਲ੍ਹ ਭੇਜਿਆ ਗਿਆ ਅਤੇ ਦੂਜੇ ਮੁੰਡੇ ਦੀ ਸਜ਼ਾ ਨੂੰ ਵੀ 5 ਸਾਲ ਤੋਂ ਵਧਾ ਕੇ 7 ਸਾਲ ਕੀਤਾ ਗਿਆ।

ਮੀਡੀਆ ਨੇ ਇਸ ਕੇਸ ਵਿਚ, ਨੌਜਵਾਨ ਮੁਜਰਮਾਂ ਦੀ ਸਜ਼ਾ ਅਤੇ ਮੁੜਵਸੇਬੇ ਦੇ ਮੁੱਦੇ ਨੂੰ ਚੁੱਕਿਆ। ਕਾਫ਼ੀ ਦੇਰ ਤਕ ਇਹ ਕੇਸ, ਮੀਡੀਆ ਵਿਚ ਉਛਲਦਾ ਰਿਹਾ।

ਜਪਾਨ ਵਿਚ ਇਸ ਘਟਨਾ ਬਾਰੇ ਜਪਾਨੀ ਵਿਚ ਦੋ ਕਿਤਾਬਾਂ ਲਿਖੀਆਂ ਗਈਆਂ। ਫੁਜੀ ਸੇਜੀ ਵਲੋਂ ਲਿਖੀ ਗਈ ਅਤੇ ਕਾਮਤਾ ਯੋਜੀ ਦੇ ਪੇਸ਼ਕਾਰੀ ਵਾਲੀ ਕਿਤਾਬ ਇਕ ਜਪਾਨੀ ਮਾਂਗਾ, 17 ਸਾਈ, ਸਾਲ 2004 ਵਿਚ ਜਾਰੀ ਕੀਤੀ ਗਈ। ਇਸ ਵਿਚ ਇਸ ਜੁਰਮ ਦੀਆਂ ਘਟਨਾਵਾਂ ਨੂੰ ਤਾਰੀਖ਼ਬੱਧ ਕਰਕੇ ਦਿਤਾ ਗਿਆ ਸੀ।

ਡਾਇਰੈਕਟਰ ਕਾਤਸੁਇਆ ਮਤਸੁਮੁਰਾ ਨੇ 1995 ਵਿਚ ਇਸ ਸ਼ੋਸ਼ਣ ਬਾਰੇ ਫ਼ਿਲਮ, ਜੋਸ਼ੀਕੋਸੇਈ ਕੋਨਕੁਰੀਤੋ-ਜ਼ੁਮੇ ਸਤਸੁਜਿਨ-ਜਿਕੇਨ (ਕੰਕਰੀਟ ਵਿਚ ਦਬੀ, ਹਾਈ ਸਕੂਲ ਦੀ ਕੁੜੀ ਦੇ ਕ਼ਤਲ ਦਾ ਕੇਸ) ਬਣਾਈ। ਇਸ ਘਟਨਾ ਬਾਰੇ ਲਿਖੀਆਂ ਗਈਆਂ ਕਿਤਾਬਾਂ 'ਚੋਂ ਇਕ ਦੇ ਅਧਾਰ 'ਤੇ ਇਕ ਹੋਰ ਫ਼ਿਲਮ 'ਕੰਕਰੀਟ' ਅਰਥਾਤ ਸੀਮੈਂਟ ਵਿਚ ਸਕੂਲ ਦੀ ਕੁੜੀ, ਡਾਇਰੈਕਟਰ ਹੀਰੋਮੂ ਨਾਕਾਮੁਰਾ ਨੇ 2004 ਵਿਚ ਬਣਾਈ। 

ਸਾਲ 2006 ਵਿਚ, ਇਕ ਜਪਾਨੀ ਰਾੱਕ ਬੈਂਡ ਦਿ ਗ਼ਜ਼ਟ ਨੇ ਉਸ ਕੁੜੀ ਦੀ ਯਾਦ ਵਿਚ ਆਪਣੀ ਐਲਬਮ 'ਨਿਲ' ਵਿਚ ਤਾਓਂ (ਦੇਹੀ ਤਾਪਮਾਨ) ਨਾਂ ਦਾ ਗਾਣਾ ਗਾਇਆ। ਇਸ ਘਟਨਾ ਨੂੰ ਵਾਤੀਆ ਉਜ਼ੁਗਾ ਦੀਆਂ 'ਅੱਜ ਦੀਆਂ ਅਨੋਖੀਆਂ ਸੱਚੀਆਂ ਕਹਾਣੀਆਂ' ਵਿਚ ਸ਼ਾਮਲ ਕੀਤਾ ਗਿਆ ਹੈ।